ਕੋਟਕਪੂਰਾ, 13 ਫਰਵਰੀ (ਵਿਕਾਸ ਮਠਾੜੂ – ਮੋਹਿਤ ਜੈਨ) : ਸਰਕਾਰੀ ਹਾਈ ਸਮਾਰਟ ਸਕੂਲ ਵਾੜਾਦਰਾਕਾ ਨੂੰ ਬੁਨਿਆਦੀ ਪੱਧਰ ’ਤੇ ਹੋਰ ਵਧੀਆ ਬਣਾਉਣ ਲਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ 2 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ।ਵਿਦਿਆਰਥੀ-ਵਿਦਿਆਰਥਣਾ ਵਲੋਂ ਸੱਭਿਆਚਾਰ ਨਾਲ ਜੁੜੀਆਂ ਪੇਸ਼ਕਾਰੀਆਂ ਦੀ ਪ੍ਰਸੰਸਾ ਕਰਦਿਆਂ ਸਪੀਕਰ ਸੰਧਵਾਂ ਨੇ ਜਿੱਥੇ ਸਮੁੱਚੇ ਸਟਾਫ ਦੀ ਮਿਹਨਤ ਅਤੇ ਸਮਰਪਣ ਭਾਵਨਾ ਦੀ ਦਾਦ ਦਿੱਤੀ, ਉੱਥੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਮੁੱਖ ਏਜੰਡੇ ’ਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਵਧੀਆ ਮੁਹੱਈਆ ਕਰਵਾਉਣਾ ਹੈ। ਉਹਨਾਂ ਸਕੂਲ ਮੁਖੀਆਂ ਸਮੇਤ ਆਮ ਅਧਿਆਪਕਾਂ ਨੂੰ ਵੀ ਵਿਦੇਸ਼ਾਂ ਵਿੱਚ ਸਿੱਖਿਆ ਦੇ ਨਵੇਂ ਤਜਰਬੇ ਹਾਸਲ ਕਰਨ ਲਈ ਭੇਜਣ ਦੀ ਪਹਿਲਕਦਮੀ ਦਾ ਵਿਸਥਾਰ ਵਿੱਚ ਜਿਕਰ ਕਰਦਿਆਂ ਆਖਿਆ ਕਿ ‘ਆਪ’ ਸਰਕਾਰ ਦੀ ਮਨਸ਼ਾ ਸਿੱਖਿਆ ਪੱਖੋਂ ਹਰ ਬੱਚੇ ਤੇ ਨੌਜਵਾਨ ਦਾ ਉਤਸ਼ਾਹ ਵਧਾਉਣਾ ਹੈ। ਸਕੂਲ ਮੁਖੀ ਸ਼੍ਰੀਮਤੀ ਸ਼ਿਵਾਨੀ ਗੋਇਲ ਨੇ ਸਪੀਕਰ ਸੰਧਵਾਂ ਸਮੇਤ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਮੌਜੂਦਾ ਸਰਕਾਰ ਵਲੋਂ ਸਿੱਖਿਆ ਸੁਧਾਰ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ।ਇਸ ਮੌਕੇ ਸੁਖਵਿੰਦਰ ਸਿੰਘ ਸੀਐੱਚਟੀ ਸਮੇਤ ਕਰਮ ਸਿੰਘ ਸਰਪੰਚ, ਤੇਜਾ ਸਿੰਘ ਬਰਾੜ, ਬਿੱਕਰ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ, ਧੰਨਾ ਸਿੰਘ, ਲਾਲਾ ਰਾਮ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਸੱਜਣ ਤੇ ਪਿੰਡ ਵਾਸੀ ਹਾਜਰ ਸਨ।