“ਮੰਤਰੀ ਇੰਦਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ”
ਬਟਾਲਾ, 5 ਮਈ (ਰਾਜੇਸ਼ ਜੈਨ) : ਡਾ. ਇੰਦਰਬੀਰ ਸਿੰਘ ਨਿੱਜਰ, ਸਥਾਨਕ ਸਰਕਾਰ, ਸੰਸਦੀ ਮਾਮਲੇ, ਭੋਂ ਤੇ ਜਲ ਸੰਭਾਲ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਕੱਲ੍ਹ 6 ਮਈ ਨੂੰ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਪੂਰੇ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ, ਜਿਸ ਸਬੰਧੀ ਤਿਆਰੀਆਂ ਕਰ ਲਈਆਂ ਗਈਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਡਾ.ਇੰਦਰਬੀਰ ਸਿੰਘ ਨਿੱਜਰ, ਕੈਬਨਿਟ ਮੰਤਰੀ ਅਤੇ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਮਈ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਹਿਲਾ ਸੈਸ਼ਨ ਹੋਵੇਗਾ, ਜਿਸ ਵਿੱਚ ਕਵਿਤਾ/ਗਾਇਨ ਉਚਾਰਨ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ 14 ਭਾਗੀਦਾਰਾਂ ਵਲੋਂ ਗੀਤ ਉਚਾਰਨ ਤੇ 6 ਭਾਗੀਦਾਰਾਂ ਵਲੋਂ ਕਵਿਤਾ ਉਚਾਰਨ ਵਿੱਚ ਹਿੱਸਾ ਲਿਆ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਵਿਸ਼ੇਸ਼ ਸਮਾਗਮ ਵਿਚ ਸਭ ਤੋਂ ਪਹਿਲਾਂ ਸ਼ਿਵ ਬਟਾਲਵੀ ਦੀ ਗਾਇਕੀ, ਜਿਸ ਵਿੱਚ ਗੀਤਕਾਰ ਰਮੇਸ਼ ਭਗਤ ਤੇ ਦੀਦਾਰ ਸਿੰਘ ਪ੍ਰਦੇਸ਼ੀ ਵਲੋ ਆਪਣੀਕਲਾ ਦੇ ਜੌਹਰ ਵਿਖਾਏ ਜਾਣਗੇ।ਉਪੰਰਤ ਕਵੀ ਦਰਬਾਰ ਵਿੱਚ ਪੰਜਾਬੀ ਜ਼ੁਬਾਨ ਦੇ ਨਾਮਵਾਰ ਕਵੀ ਜਿਵੇੇਂ ਪਦਮ ਸ੍ਰੀ ਸੁਰਜੀਤ ਪਾਤਰ, ਪੰਜਾਬ ਦੇ ਪ੍ਰਸਿੱਧ ਕਵੀ ਗੁਰਭਜਨ ਗਿੱਲ, ਕਵੀ ਤ੍ਰਿਲੋਚਨ ਲੋਚੀ, ਕਵੀ ਬੀਬਾ ਬਲਵੰਤ, ਅਵਤਾਰ ਸਿੰਘ ਸਿੱਧੂ, ਕਵੀ ਸੁਰਜੀਤ ਜੱਜ, ਡਾ. ਰਵਿੰਦਰ ਸਮੇਤ ਉੱਘੇ ਨਾਮਵਰ ਕਵੀ ਸ਼ਿਰਕਤ ਕਰਨਗੇ।ਆਖਰ ਵਿੱਚ ਸ਼ਿਵ ਬਟਾਲਵੀ ਦੀ ਸ਼ਾਹਕਾਰ ਰਚਨਾ ਕਾਵਿ ਨਾਟ ‘ਲੂਣਾ’ ਦਾ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਦੀ ਟੀਮ ਵੱਲੋਂ ਮੰਚਨ ਕੀਤਾ ਜਾਵੇਗਾ। ਇਸ ਮੌਕੇ ਕਿਤਾਬਾਂ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਅਤੇ ਸ਼ਿਵ ਬਟਾਲਵੀ ਦੇ ਚਾਹੁਣ ਵਾਲਿਆਂ ਨੂੰ 6 ਮਈ ਨੂੰ ਸ਼ਿਵ ਬਟਾਲਵੀ ਦੀ 50ਵੀਂ ਬਰਸੀ ਮੌਕੇ ਪਹੁੰਚਣ ਦੀ ਅਪੀਲਕੀਤੀ।