ਖਾਲਸਾ ਏਡ ਦਫਤਰ ‘ਤੇ ਐਨ.ਆਈ.ਏ ਦੇ ਛਾਪੇ ਨਾਲ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆਂ : ਗਰੇਵਾਲ
ਜਗਰਾਉਂ 6 ਅਗਸਤ (ਪ੍ਰਤਾਪ ਸਿੰਘ): ਖਾਲਸਾ ਏਡ ਨੇ ਹੜ ਪ੍ਰਭਾਵਿਤ ਲੋਕਾਂ ਨੂੰ ਢਾਰਸ ਦੇਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲਣ ਤੇ ਜਗਰਾਉਂ ਖਾਲਸਾ ਏਡ ਟੀਮ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਗੁਰੂਦੁਆਰਾ ਭਜਨਗੜ੍ਹ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰੁਦਵਾਰਾ ਸਾਹਿਬ ਵਿਖੇ ਬੀਤੀ ਰਾਤ ਸ਼ੁਕਰਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਵਿੱਚ ਨੌਜਵਾਨ ਹਾਜ਼ਰ ਸਨ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਨੇ ਬਹੁਤ ਹੀ ਸੁੰਦਰ ਤੇ ਢੁੱਕਵੇਂ ਸ਼ਬਦਾਂ ਦਾ ਗਾਇਨ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਖਾਲਸਾ ਏਡ ਟੀਮ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਿੱਖਾਂ ਦੇ ਖੂਨ ਵਿੱਚ ਹੀ ਸੇਵਾ ਦਾ ਸੰਕਲਪ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਤੇ ਹਮੇਸ਼ਾ ਹੀ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾ ਖਾਲਸਾ ਏਡ ਜਾਂ ਹੋਰ ਸਿੱਖ ਸੰਸਥਾਵਾਂ ਦੇਸ਼ ਵਿੱਚ ਹੀ ਨਹੀਂ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਕੁਦਰਤੀ ਆਫਤਾਂ ਸਮੇਂ ਲੋਕਾਂ ਨੂੰ ਰਾਹਤ ਦੇਣ ਲਈ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ ਇਸੇ ਕਰਕੇ ਦੁਨੀਆਂ ਦੇ ਵੱਡੇ ਦੇਸ਼ ਵੀ ਸਿੱਖਾਂ ਦੀ ਤਾਰੀਫ ਕਰਨੋ ਨਹੀਂ ਹਟਦੇ । ਪਰ ਆਪਣੇ ਦੇਸ਼ ਦੀਆਂ ਹਕੂਮਤਾਂ ਉਨ੍ਹਾਂ ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਤਾਕ ਵਿਚ ਰਹਿੰਦੀਆਂ ਹਨ। ਜਿਸ ਦਾ ਜਿਉਂਦਾ ਜਾਗਦਾ ਸਬੂਤ ਹੈ ਖਾਲਸਾ ਏਡ ਦੇ ਮੁੱਖ ਦਫਤਰ ਪਟਿਆਲਾ ਵਿਖੇ ਰੇਡ ਕਰਨਾ ਜੋ ਕੇ ਬਹੁਤ ਨਿੰਦਣਯੋਗ ਹੈ। ਉਨ੍ਹਾਂ ਆਖਿਆ ਕਿ ਇੰਨਾ ਰੇਡਾ ਨਾਲ ਸਿੱਖ ਸੰਸਥਾਵਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਸਰਕਾਰਾਂ ਦਾ ਸਿੱਖ ਵਿਰੋਧੀ ਚਿਹਰਾ ਜ਼ਰੂਰ ਨੰਗਾ ਹੋਇਆ ਹੈ। ਉਨ੍ਹਾਂ ਖਾਲਸਾ ਏਡ ਟੀਮ ਦੇ ਨੌਜਵਾਨਾਂ ਨੂੰ ਉਤਸ਼ਾਹਤ ਕਰਦਿਆਂ ਆਖਿਆ ਕਿ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਇਸੇ ਤਰ੍ਹਾਂ ਜੁਟੇ ਰਹਿਣ ਕਿਉਂਕਿ ਸੇਵਾ ਕਰਨ ਦੀ ਗੁੜਤੀ ਉਨ੍ਹਾਂ ਨੂੰ ਵਿਰਸੇ ਵਿੱਚ ਮਿਲੀ ਹੈ। ਇਸ ਮੌਕੇ ਸੰਗਤਾਂ ਵਿੱਚ ਗੁਰਪ੍ਰੀਤ ਸਿੰਘ ਭਜਨਗੜ,ਦੀਪਇੰਦਰ ਸਿੰਘ ਭੰਡਾਰੀ, ਰਜਿੰਦਰ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਜਸਪਾਲ ਸਿੰਘ ਛਾਬੜਾ, ਗੁਰਦੀਪ ਸਿੰਘ ਦੂਆ, ਇਕਬਾਲ ਸਿੰਘ ਛਾਬੜਾ ,ਚਰਨਜੀਤ ਸਿੰਘ , ਜਤਵਿੰਦਰ ਪਾਲ ਸਿੰਘ ਜੇ ਪੀ, ਗੁਰਮੀਤ ਸਿੰਘ ਬਿੰਦਰਾ, ਪ੍ਰਿਤਪਾਲ ਸਿੰਘ ਲੱਕੀ, ਅਵਤਾਰ ਸਿੰਘ ਮਿਗਲਾਨੀ ਅਤੇ ਖਾਲਸਾ ਏਡ ਟੀਮ ਜਗਰਾਉਂ ਦੇ ਨੌਜਵਾਨ ਹਾਜ਼ਿਰ ਸਨ।