Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਰਾਜਨੀਤੀ ਵਿੱਚ ਮਰਿਆਦਾ ਅਤੇ ਸਤਿਕਾਰ ਰਹੇ ਬਰਕਰਾਰ

ਨਾਂ ਮੈਂ ਕੋਈ ਝੂਠ ਬੋਲਿਆ..?
ਰਾਜਨੀਤੀ ਵਿੱਚ ਮਰਿਆਦਾ ਅਤੇ ਸਤਿਕਾਰ ਰਹੇ ਬਰਕਰਾਰ

31
0


ਦੇਸ਼ ਵਿਚ ਮੌਜੂਦਾ ਸਮੇਂ ਦੌਰਾਨ ਰਾਜਨੀਤਿਕ ਮਾਹੌਲ ਬੇਹੱਦ ਗੰਧਵਾ ਹੋ ਚੁੱਕਾ ਹੈ। ਰਾਜਨੀਤੀ ਦਾ ਕਿਰਦਾਰ ਦੇਸ਼ ਭਰ ਵਿੱਚ ਇਸ ਹੱਦ ਤੱਕ ਨਿਘਾਰ ਵੱਲ ਜਾ ਰਿਹਾ ਹੈ ਕਿ ਹੁਣ ਇਸ ਦੀ ਗਰਿਮਾ ਵੀ ਬਰਕਰਾਰ ਨਹੀਂ ਰੱਖੀ ਜਾ ਸਕਦੀ। ਇੱਕ ਸਮਾਂ ਸੀ ਜਦੋਂ ਰਾਜਨੀਤੀ ਵਿੱਚ ਆਉਣ ਵਾਲੇ ਲੋਕ ਸੇਵਾ ਦੇ ਉਦੇਸ਼ ਨਾਲ ਆਉਂਦੇ ਸਨ। ਪਰ ਅੱਜ ਰਾਜਨੀਤੀ ਦੀ ਭੂਮਿਕਾ ਨਿਘਾਰ ਵੱਲ ਜਾ ਰਹੀ ਹੈ, ਮਨੋਰਥ ਬਦਲ ਗਿਆ ਹੈ। ਅੱਜ ਜੇਕਰ ਕੋਈ ਰਾਜਨੀਤੀ ਵਿੱਚ ਆਉਂਦਾ ਹੈ ਤਾਂ ਉਹ ਸੇਵਾ ਲਈ ਨਹੀਂ, ਸਗੋਂ ਆਪਣੇ ਪਰਿਵਾਰ ਦੀਆਂ ਸੱਤ ਪੁਸ਼ਤਾਂ ਦੀ ਐਸ਼ੋ ਇਸ਼ਰਤ ਦੇ ਪ੍ਰਬੰਧਾਂ ਲਈ ਆਉਂਦਾ ਹੈ ਅਤੇ ਅਜਿਹੇ ਨੇਤਾਵਾਂ ਦੀ ਸੰਖਿਆ ਮੌਜੂਦਾ ਸਮੇਂ ਵਿਚ ਤਾਂ ਬਹੁਤ ਵਧ ਗਈ ਹੈ। ਰਾਜਨੀਤੀ ਵਿਚ ਪ੍ਰਵੇਸ਼ ਕਰਨ ਵਾਲਾ ਵਿਅਕਤੀ ਅਚਾਨਕ ਹੀ ਅਮੀਰਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਂਦਾ ਹੈ ਅਤੇ ਦੇਖਦੇ ਹੀ ਦੇਖਦੇ ਕਰੋੜਾਪਤੀ ਬਣ ਜਾਂਦਾ ਹੈ। ਇਸ ਵਿਚ ਅਜਿਹਾ ਕਿਹੜਾ ਗੁਣ ਹੈ ਕਿ ਰਾਤੋ ਰਾਤ ਮਾਇਆ ਦੀ ਬਰਸਾਤ ਹੋਣ ਲੱਗਦੀ ਹੈ ਇਹ ਸਭ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਇਹੀ ਕਾਰਨ ਹੈ ਕਿ ਕੋਈ ਵੀ ਨੇਕ ਅਤੇ ਇਮਾਨਦਾਰ ਵਿਅਕਤੀ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦਾ। ਰਾਜਨੀਤਕ ਵੱਡੀਆਂ ਪਾਰਟੀਆਂ ਹੋਣ ਜਾਂ ਛੋਟੀਆਂ ਪਾਰਟੀਆਂ, ਹਰ ਕੋਈ ਆਪਣੇ ਹਿਸਾਬ ਨਾਲ ਚਲਦਾ ਹੈ। ਜਦੋਂ ਕਿਸੇ ਨੂੰ ਆਪਣੇ ਵਿਰੋਧੀ ਜਾਂ ਆਪਣੇ ਨੂੰ ਹੀ ਪਟਕਣੀ ਦੇਣ ਦਾ ਮੌਕਾ ਮਿਲਦਾ ਹੈ ਤਾਂ ਉਬ ਸਮਾਂ ਨਹੀਂ ਗਵਾਉਂਦੇ। ਆਪਣੇ ਨਿੱਜੀ ਲਾਭ ਨੂੰ ਦੇਖਦੇ ਹੋਏ ਕਿਹੜਾ ਨੇਤਾ ਕਦੋਂ ਕਿਸ ਪਾਰਟੀ ਵਿਚ ਚਲਾ ਜਾਏ ਇਹ ਕੋਈ ਨਹੀਂ ਕਹਿ ਸਕਦਾ। ਦੇਸ਼ ਦੇ ਕਈ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਈ ਰਾਜਾਂ ਵਿੱਚ ਜਿਸ ਤਰ੍ਹਾਂ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਸੱਤਾ ਵਿੱਚ ਵੱਡਾ ਫੇਰਬਦਲ ਕਰਕੇ ਕੁਰਸੀ ਹਾਸਲ ਕੀਤੀ, ਉਹ ਆਪਣਏ ਆਪ ਵਿਚ ਮਿਸਾਲ ਬਣ ਚੁੱਕੀ ਹੈ। ਹੁਣ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਜੋ ਸਥਿਤੀ ਬਣੀ ਹੋਈ ਹੈ, ਉਸ ਨੂੰ ਹੈਰਾਨੀਜਨਕ ਨਹੀਂ ਕਿਹਾ ਜਾ ਸਕਦਾ, ਪਰ ਗਲਤ ਜ਼ਰੂਰ ਕਿਹਾ ਜਾਵੇਗਾ। ਹੈਰਾਨੀਜਨਕ ਇਸ ਲਈ ਨਹੀਂ ਹੋ ਸਕਦਾ ਕਿਉਂਕਿ ਸੱਤਾ ਦਾ ਨਸ਼ਾ ਜਦੋਂ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਉਥੇ ਸਹੀ ਗਲਤ ਦੀ ਪਹਿਚਾਣ ਖਤਮ ਹੋ ਜਾਂਦੀ ਹੈ। ਚੰਡੀਗੜ੍ਹ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਲੋਕ ਫਤਵਾ ਕਬੂਲ ਕਰਨ ਦੀ ਬਜਾਏ ਪੁਰਾਣੀ ਸਾਮ, ਦਾਮ, ਦੰਡ, ਭੇਦ ਵਾਲੀ ਰਣਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਹੱਥ ਚੰਡੀਗੜ੍ਹ ਵਿਚ ਮਿਲਾਉਣ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਖੁਸਦੀ ਨਜ਼ਰ ਆ ਰਹੀ ਹੈ। ਜਿਸਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰ ਪਾ ਰਹੇ। ਚੰਡੀਗੜ੍ਹ ’ਚ 17 ਜਨਵਰੀ ਨੂੰ ਵੀ ਜੋ ਹਾਈਵੋਲਟੇਜ ਡਰਾਮਾ ਹੋਇਆ, ਉਹ ਚਰਚਿਤ ਰਿਹਾ। ਜਿਸ ’ਚ ਇਕ ਨੇਤਾ ਨੂੰ ਜਬਰੀ ਬੰਦੀ ਬਣਾ ਕੇ ਰੱਖਣ ਤੱਕ ਦੇ ਦੋਸ਼ ਲੱਗੇ। ਇਸ ਮਾਮਲੇ ’ਚ ਨਿਰਪੱਖ ਚੋਣਾਂ ਕਰਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਸੀ ਪਰ ਹਾਈਕੋਰਟ ਨੇ ਸਿੱਧਾ ਦਖਲ ਦੇਣ ਦੀ ਬਜਾਏ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਥੇ ਇਹ ਚੋਣ ਨਿਰਪੱਖ ਢੰਗ ਨਾਲ ਕਰਵਾਈ ਜਾਵੇ। ਪਰ ਅੱਜ ਜਦੋਂ ਇਹ ਚੋਣ ਹੋਣੀ ਸੀ ਤਾਂ ਇਸ ਲਈ ਨਿਯੁਕਤ ਪ੍ਰੋਜੈਕਟਿੰਗ ਆਬਜ਼ਰਵਰ ਅਨਿਲ ਮਸੀਹ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਤਾਂ ਅਗਲੀਆਂ ਹਦਾਇਤਾਂ ਤੱਕ ਚੋਣ ਮੁਲਤਵੀ ਕਰ ਦਿੱਤੀ ਗਈ। ਹਾਲਾਂਕਿ ਸਿਹਤ ਖ਼ਰਾਬ ਹੋਣ ਦੀ ਸੂਚਨਾ ਮਿਲਣ ’ਤੇ ਤੁਰੰਤ ਨਵਾਂ ਅਧਿਕਾਰੀ ਨਿਯੁਕਤ ਕਰਨ ਦੀ ਜਰੂਰਤ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਜਿਸ ਤਰ੍ਹਾਂ ਕਈ ਰਾਜਾਂ ਵਿੱਚ ਸੱਤਾ ਹਾਸਿਲ ਕਰਨ ਦੇ ਅੰਕੜੇ ਤੋਂ ਕੋਹਾਂ ਦੂਰ ਹੋਣ ਦੇ ਬਾਵਜੂਦ ਵੀ ਭਾਜਪਾ ਨੇ ਉਥੇ ਹਰ ਰਣਨੀਤੀ ਅਪਣਾ ਕੇ ਸੱਤਾ ਹਾਸਿਲ ਕੀਤੀ ਠੀਕ ਉਸੇ ਤਰ੍ਹਾਂ ਹੀ ਚੰਡੀਗੜ੍ਹ ਵਿਚ ਵੀ ਇਸ ਰੁਤਬੇ ਨੂੰ ਹਾਸਿਲ ਕਰਨ ਲਈ ਹਰ ਹਥਕੰਡਾ ਅਪਣਾਇਾ ਜਾ ਰਿਹਾ ਹੈ। ਚੋਣ ਮੁਲਤਵੀ ਕਰਵਾਉਣ ਵਿਚ ਸਫਵ ਹੋਣ ਤੋਂ ਬਾਅਦ ਫਿਰ ਉਹੀ ਰਣਨੀਤੀ ਖੇਡੀ ਜਾਵੇਗੀ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਦੀ ਇਹ ਘਬਰਾਹਟ ਇਥੇ ਇੰਡੀਆ ਗਠਜੋੜ ਦੀ ਪਹਿਲੀ ਹੋਣ ਵਾਲੀ ਸਫਲਤਾ ਨੂੰ ਲੈ ਕੇ ਨਜ਼ਰ ਆ ਰਹੀ ਹੈ। ਜੇਕਰ ਚੰਡੀਗੜ੍ਹ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋ ਜਾਂਦਾ ਹੈ ਤਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਤੇ ਉਹ ਕਾਬਜ਼ ਹੋ ਜਾਂਦੀ ਹੈ ਤਾਂ ਪੰਜਾਬ ਵਿੱਚ ਵੀ ਗਠਜੋੜ ਸੰਭਵ ਹੋ ਸਕਦਾ ਹੈ ਅਤੇ ਚੰਡੀਗੜ੍ਹ ਦਾ ਅਕਸ ਪੂਰੇ ਦੇਸ਼ ਵਿੱਚ ਇੱਕ ਮਾਡਲ ਵਜੋਂ ਉਭਾਰਿਆ ਜਾਵੇਗਾ। ਜਿਸਦਾ ਇਡੀਆ ਗਠਜੋੜ ਨੂੰ ਨਿਸ਼ਚਿਤ ਤੌਰ ’ਤੇ ਫਾਇਦਾ ਹੋਵੇਗਾ। ਇਹੀ ਭਾਜਪਾ ਨਹੀਂ ਚਾਹੁੰਦੀ ਕਿਉਂਕਿ ਜੇਕਰ ਇੰਡੀਆ ਗਠਜੋੜ ਚੋਣਾਂ ਤੋਂ ਪਹਿਲਾਂ ਇੱਕ ਥਾਂ ’ਤੇ ਸਫਲਤਾਪੂਰਵਕ ਕੰਮ ਕਰਦਾ ਹੈ ਤਾਂ ਉਹ ਅੱਗੇ ਹੋਰ ਵਧ ਜਾਵੇਗਾ। ਜੇਕਰ ਪਹਿਲੀ ਹੀ ਪ੍ਰੀਖਿਆ ਵਿਚ ਉਸਨੂੰ ਫੇਲ ਕਰ ਲਿਆ ਜਾਵੇ ਤਾਂ ਅੱਗੇ ਵਧਣ ਤੋਂ ਵੀ ਰੋਕਿਆ ਜਾ ਸਕਦਾ ਹੈ। ਜੇਕਰ ਪਹਿਲਾਂ ਵਾਪਰੇ ਜਾਂ ਹੁਣ ਚੰਡੀਗੜ੍ਹ ਵਿਚ ਵਾਪਰ ਰਹੇ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਇਹ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਦਾ ਅਪਮਾਨ ਹੈ। ਜੇਕਰ ਕੋਈ ਵੀ ਪਾਰਟੀ ਚੋਣ ਜਿੱਤ ਕੇ ਲੋਕ ਫਤਵਾ ਹਾਸਿਲ ਕਰਦੀ ਹੈ ਤਾਂ ਉਸਦਾ ਸਨਮਾਨ ਸਾਰੀਆਂ ਬਾਕੀ ਪਾਰਟੀਆਂ ਨੂੰ ਕਰਨਾ ਚਾਹੀਦਾ ਹੈ। ਇਸ ਨਾਲ ਹੀ ਰਾਜਨੀਤੀ ਦੀ ਸ਼ਾਨ ਅਤੇ ਲੋਕਤੰਤਰ ਬਰਕਰਾਰ ਰਹਿ ਸਕਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here