ਗੁਰਦਾਸਪੁਰ (ਅਨਿੱਲ ਕੁਮਾਰ) ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਨ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਗੁਰੂ ਨਾਭਾਦਾਸ ਜੀ ਦੇ ਪ੍ਰਕਾਸ਼ ਉਤਸਵ ਦੀ ਸਮੂਹ ਸੰਗਤ ਅਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰੂ ਨਾਭਾ ਦਾਸ ਸੇਵਾ ਕਮੇਟੀ ਵੱਲੋਂ ਚੇਅਰਮੈਨ ਰਮਨ ਬਹਿਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਹਿਲ ਨੇ ਸਾਰਿਆਂ ਨੂੰ ਇਸ ਪ੍ਰਕਾਸ਼ ਉਤਸਵ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਗੁਰੂ ਨਾਭਾ ਦਾਸ ਦੀ ਬਾਣੀ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਇੱਕ ਚੰਗੇ ਸਮਾਜ ਦੀ ਸਿਰਜਨਾ ਲਈ ਸਾਨੂੰ ਸਾਰਿਆਂ ਨੂੰ ਗੁਰੂ ਨਾਭਾ ਦਾਸ ਵੱਲੋਂ ਦੱਸੇ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਮਹਾਨ ਰੂਹਾਂ ਨੇ ਮਨੁੱਖਤਾ ਦੀ ਭਲਾਈ ਲਈ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਾਨੂੰ ਅਹਿਮ ਸੰਦੇਸ਼ ਦਿੱਤੇ ਹਨ। ਪਰ ਚਿੰਤਾ ਦੀ ਗੱਲ ਹੈ ਕਿ ਅਜੋਕੇ ਦੌਰ ਵਿੱਚ ਲੋਕ ਸਵੈ ਹਿੱਤਾਂ ਤੱਕ ਸੀਮਤ ਹੋ ਕੇ ਆਪਣੇ ਪੀਰਾਂ ਪੈਗੰਬਰਾਂ ਦੀ ਗੁਰਬਾਣੀ ਤੋਂ ਮੂੰਹ ਮੋੜ ਰਹੇ ਹਨ। ਉਹਨਾਂ ਇਹ ਸਮਾਗਮ ਕਰਾਉਣ ਵਾਲੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਅਤੇ ਉਹਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਉਣ ਵਾਲੀ ਪੀੜੀ ਨੂੰ ਆਪਣੇ ਧਰਮ ਅਤੇ ਅਮੀਰ ਵਿਰਸੇ ਨਾਲ ਜੁੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।