ਮੋਗਾ, 2 ਦਸੰਬਰ: ( ਕੁਲਵਿੰਦਰ ਸਿੰਘ) -ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵਧੀਆ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਪਹਿਲੇ ਪੜਾਅ ਵਿੱਚ 75 ਕਲੀਨਿਕ ਕਾਰਜਸ਼ੀਲ ਹੋ ਚੁੱਕੇ ਹਨ, ਜਿਸ ਵਿੱਚੋਂ 3 ਕਲੀਨਿਕ ਜ਼ਿਲ੍ਹਾ ਮੋਗਾ ਦੇ ਹਿੱਸੇ ਵੀ ਆਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਜ਼ਿਲ੍ਹਾ ਮੋਗਾ ਵਿੱਚ ਲੰਢੇਕੇ, ਘੋਲੀਆ ਖੁਰਦ, ਹਿੰਮਤਪੁਰਾ ਦੇ ਤਿੰਨ ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਅਤੇ ਇਨ੍ਹਾਂ ਜਰੀਏ ਲੋਕਾਂ ਵੱਲੋਂ ਨਿੱਤ ਦਿਨ ਸਿਹਤ ਸਹੂਲਤਾਂ ਲਈਆਂ ਜਾ ਰਹੀਆਂ ਹਨ। ਮੁਹੱਲਾ ਕਲੀਨਿਕਾਂ ਦੇ ਘੇਰੇ ਵਿੱਚ ਪੈਂਦੇ ਪੇਂਡੂ ਇਲਾਕਿਆਂ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਦਦ ਮਿਲ ਰਹੀ ਹੈ।ਮੋਗਾ ਜ਼ਿਲ੍ਹੇ ਦੇ ਤਿੰਨੋਂ ਆਮ ਆਦਮੀ ਕਲੀਨਿਕਾਂ ਜਰੀਏ ਹੁਣ ਤੱਕ 6336 ਮਰੀਜ਼ਾਂ ਵੱਲੋਂ ਸਿਹਤ ਸਹੂਲਤਾਂ ਲਈਆਂ ਗਈਆਂ ਹਨ। ਵੱਖ-ਵੱਖ ਮਰੀਜ਼ਾਂ ਦੇ 773 ਟੈਸਟ ਵੀ ਹੁਣ ਤੱਕ ਮੁਫ਼ਤ ਵਿੱਚ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ 45 ਟੈਸਟ ਅਤੇ 75 ਤਰ੍ਹਾਂ ਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 23 ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਆਮ ਆਦਮੀ ਕਲੀਨਿਕ ਵਜੋਂ ਵਿਕਸਤ ਕਰਵਾਉਣ ਲਈ ਅਤੇ ਮੁਫ਼ਤ ਦਵਾਈਆਂ ਵਿੱਚ 95 ਤਰ੍ਹਾਂ ਦੀਆਂ ਹੋਰ ਦਵਾਈਆਂ ਨੂੰ ਵੀ ਸ਼ਾਮਿਲ ਕਰਨ ਲਈ ਸਰਕਾਰ ਨੂੰ ਮੰਗ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹੱਲਾ ਕਲੀਨਿਕ ਸਵੇਰੇ 9 ਤੋਂ 3 ਵਜੇ ਤੱਕ ਸਰਦੀਆਂ ਵਿੱਚ ਅਤੇ 8 ਤੋਂ 2 ਵਜੇ ਤੱਕ ਗਰਮੀਆਂ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹੇ ਰੱਖੇ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਕਲੀਨਿਕ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਉਸਾਰੂ ਕਦਮ ਹੈ। ਜਿਸ ਦਾ ਲੋਕਾਂ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ।