Home ਸਭਿਆਚਾਰ ਸ਼ਹੀਦੀ ਸਭਾ ਮੌਕੇ ਆਮ ਖਾਸ ਬਾਗ ਵਿਖੇ ਇਤਿਹਾਸਕ ਨਾਟਕ ” ਜਿੰਦਾਂ ਨਿੱਕੀਆਂ...

ਸ਼ਹੀਦੀ ਸਭਾ ਮੌਕੇ ਆਮ ਖਾਸ ਬਾਗ ਵਿਖੇ ਇਤਿਹਾਸਕ ਨਾਟਕ ” ਜਿੰਦਾਂ ਨਿੱਕੀਆਂ ” ਦੀ ਹੋਵੇਗੀ ਪੇਸ਼ਕਾਰੀ

48
0


ਫ਼ਤਹਿਗੜ੍ਹ ਸਾਹਿਬ, 24 ਦਸੰਬਰ: ( ਵਿਕਾਸ ਮਠਾੜੂ, ਬੌਬੀ ਸਹਿਜਲ) -ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਆਮ ਖਾਸ ਬਾਗ ਵਿਖੇ 25 ਤੇ 26 ਦਸੰਬਰ ਨੂੰ ਵਿਸ਼ਵ ਪ੍ਰਸਿੱਧ ਇਤਿਹਾਸਕ ਨਾਟਕ ” ਜਿੰਦਾਂ ਨਿੱਕੀਆਂ” ਦੀ ਪੇਸ਼ਕਾਰੀ ਕੀਤੀ ਜਾਵੇਗੀ। ਨਾਟਕਕਾਰ ਹਰਬਕਸ਼ ਲਾਟਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਇਹ ਇਤਿਹਾਸਕ ਨਾਟਕ ਸ਼ਾਮ 6:00 ਵਜੇ ਸ਼ੁਰੂ ਹੋਵੇਗਾ ਅਤੇ ਰਾਤ 08:00 ਵਜੇ ਤੱਕ ਜਾਰੀ ਰਹੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਏ ਗਏ ਸਮਾਧਾਨ ਕੇਂਦਰਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਸਿੱਖ ਇਤਿਹਾਸ ਦੀ ਇਸ ਮਹਾਨ ਘਟਨਾ ਤੋਂ ਜਾਣੂ ਕਰਵਾਉਣ ਵਾਲਾ ਇਹ ਨਾਟਕ ਪ੍ਰੇਰਨਾ ਸਰੋਤ ਹੋਵੇਗਾ ਅਤੇ ਨੌਜਵਾਨ ਵਰਗ ਨੂੰ ਇਸ ਤੋਂ ਸੇਧ ਲੈ ਕੇ ਮਹਾਨ ਸ਼ਹੀਦਾਂ ਵੱਲੋਂ ਵਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ ਅਤੇ ਕਿਸੇ ਤਰ੍ਹਾਂ ਦੀ ਗੁੰਮਸ਼ੁਦਗੀ, ਜੇਬ ਕੱਟਣ ਆਦਿ ਬਾਰੇ ਸੂਚਨਾ ਦੇਣ ਲਈ ਪਹਿਲੀ ਵਾਰ 05 ਸਮਾਧਾਨ ਕੇਂਦਰ ਬਣਾਏ ਗਏ ਹਨ ਜਿਥੋਂ ਕਿ ਕਿਸੇ ਵੀ ਐਮਰਜੰਸੀ ਦੀ ਹਾਲਤ ਵਿੱਚ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਹ ਸਮਾਧਾਨ ਕੇਂਦਰ ਆਰਜੀ ਪੁਲਿਸ ਲਾਈਨ ਦੇ ਸਾਹਮਣੇ, ਫ਼ਤਹਿਗੜ੍ਹ ਸਾਹਿਬ ਵਿਖੇ ਨਾਰਕੋਟਿਕਸ ਸੈੱਲ ਦੇ ਸਾਹਮਣੇ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਟੀ. ਪੁਆਂਇੰਟ ਜੋਤੀ ਸਰੂਪ ਮੋੜ (ਬਾਬਾ ਬੰਦਾ ਸਿੰਘ ਬਹਾਦਰ ਚੌਂਕ), ਸਰਹਿੰਦ ਮੰਡੀ 4 ਨੰਬਰ ਚੁੰਗੀ ਨੇੜੇ ਬਣਾਏ ਗਏ ਹਨ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਅਤੇ ਸਿਵਲ ਹਸਪਤਾਲ ਨੇੜੇ ਪੁੱਛਗਿੱਛ ਕੇਂਦਰ ਵੀ ਸਥਾਪਤ ਕੀਤੇ ਜਾਣਗੇ ਜਿਥੋਂ ਸ਼ਰਧਾਲੂ ਸੂਚਨਾਂ ਪ੍ਰਾਪਤ ਕਰ ਸਕਣਗੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਅੱਤੇਵਾਲੀ ਨੇੜੇ ਅੰਬਰ ਕਲੌਨੀ ਵਿਖੇ, ਸਰਹਿੰਦ-ਚੰਡੀਗੜ੍ਹ ਬਾਈਪਾਸ ਰੋਡ ਵਿਕਟੋਰੀਆ ਸਟਰੀਟ (ਸਮਸ਼ੇਰ ਨਗਰ ਚੌੱਕ ਅਤੇ ਪਿੰਡ ਮੰਡੋਫਲ ਵਿਚਕਾਰ), ਮਾਡਰਨ ਰਿਜੋਰਟ ਬਹਾਦਰਗੜ੍ਹ ਅਤੇ ਜੀ.ਟੀ. ਰੋਡ ਵਿਖੇ ਸਥਿਤ ਅਨਾਜ ਮੰਡੀ ਵਿਖੇ ਆਰਜੀ ਬੱਸ ਸਟੈਂਡ ਵੀ ਬਣਾਏ ਗਏ ਹਨ ਜਿਥੋਂ ਕਿ 30 ਮੁਫਤ ਬੱਸਾਂ ਤੇ ਈ. ਰਿਕਸ਼ਾ ਸ਼ਰਧਾਲੂਆਂ ਨੂੰ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੈ ਕੇ ਆਉਣਗੇ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਚੁੰਗੀ ਨੰਬਰ 4, ਮੋਤੀ ਰਾਮ ਮਹਿਰਾ ਯਾਦਗਾਰੀ ਗੇਟ, ਰਾਧਾ ਕ੍ਰਿਸ਼ਨ ਗਊਸ਼ਾਲਾ ਅਤੇ ਵਿਸ਼ਵ ਯੂਨੀਵਰਸਿਟੀ ਤੋਂ ਮੁਫਤ ਬੱਸਾਂ ਵੀ ਚਲਾਈਆਂ ਜਾਣਗੀਆਂ ਜੋ ਕਿ ਸ਼ਹਿਰ ਤੋਂ ਬਾਹਰ ਜਾਣ ਲਈ ਵਰਤੀਆਂ ਜਾ ਸਕਣਗੀਆਂ।ਡਿਪਟੀ ਕਮਿਸ਼ਨਰ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਭਾ ਦੌਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਦੀਆਂ ਬਰਮ੍ਹਾਂ ਤੇ ਵਾਹਨ ਪਾਰਕ ਨਾ ਕੀਤੇ ਜਾਣ ਤਾਂ ਜੋ ਪੈਦਲ ਚੱਲਣ ਵਾਲੀ ਸੰਗਤ ਆਰਾਮ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਕਿਨਾਰੇ ਰੇਹੜੀਆਂ, ਫੜੀਆਂ ਜਾਂ ਦੁਕਾਨਾਂ ਨਾ ਲਗਾਈਆਂ ਜਾਣ ਤਾਂ ਜੋ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ ਤੇ ਤਹਿਸੀਲਦਾਰ ਬਾਦਲਦੀਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜ਼ੂਦ ਸਨ।

LEAVE A REPLY

Please enter your comment!
Please enter your name here