ਜਗਰਾਉਂ, 10 ਅਪ੍ਰੈਲ ( ਵਿਕਾਸ ਮਠਾੜੂ )-ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਨਗਰ ਕੀਰਤਨ ਨੌਜਵਾਨ ਸੁਸਾਇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਅਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਦਾ ਸੱਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਸਨ। ਇਸ ਮੌਕੇ ਭਾਈ ਗਰੇਵਾਲ ਨੇ ਸਿੰਘ ਸਾਹਿਬ ਜੀ ਨੂੰ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਨੌਜਵਾਨਾਂ ਵੱਲੋਂ ਸਿੱਖੀ ਨੂੰ ਪ੍ਰਫੁੱਲਿਤ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਦਾ ਪੱਤਰ ਕਬੂਲ ਕਰਦੇ ਸਮਾਗਮ ’ਚ ਆਊਣ ਬਾਰੇ ਆਖਿਆ। ਇਸ ਮੌਕੇ ਹਰਵਿੰਦਰ ਸਿੰਘ ਤੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਮਹਾਨ ਗੁਰਮਤਿ ਸਮਾਗਮ 15 ਅਪ੍ਰੈਲ ਨੂੰ ਰਾਤ 7 ਵਜੇ ਤੋਂ 10 ਵਜੇ ਤੱਕ ਕਰਵਾਏ ਜਾ ਰਹੇ ਹਨ, ਜਿਸ ’ਚ ਬਾਬਾ ਗਰਜੀਤ ਸਿੰਘ , ਬਾਬਾ ਗੁਰਚਰਨ ਸਿੰਘ, ਬਾਬਾ ਸੇਵਾ ਸਿੰਘ ਤੇ ਬਾਬਾ ਆਗਿਆਪਾਲ ਸਿੰਘ ( ਸਾਰੇ ਨਾਨਕਸਰ) ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚਣਗੇ, ਉਥੇ ਪੰਥ ਦੇ ਮਹਾਨ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਦਵਿੰਦਰ ਸਿੰਘ ਸਰਨਾ, ਇਸ਼ਮੀਤ ਸਿੰਘ ਭੰਡਾਰੀ, ਤਰਨਪ੍ਰੀਤ ਸਿੰਘ ਕਾਕਾ, ਕਾਕਾ ਕੋਹਲੀ ਤੇ ਚਰਨਜੀਤ ਸਿੰਘ ਸਰਨਾ ਆਦਿ ਹਾਜ਼ਰ ਸਨ।