‘‘ ਸਾਡੀ ਇਮਾਨਦਾਰੀ ਦੀ ਸਜ਼ਾ ਆਮ ਸ਼ਹਿਰ ਵਾਸੀ ਕਿਉਂ ?
ਜਗਰਾਓਂ, 22 ਨਵੰਬਰ ( ਭਗਵਾਨ ਭੰਗੂ, ਜਗਰੂਪ ਸੋਹੀ ) ਪਿਛਲੇ ਦਿਨੀਂ ’ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਨਗਰ ਕੌਸਲ ਦੇ ਕਾਂਗਰਸੀ ਪ੍ਰਧਾਨ ਜਤਿੰਦਰਪਾਲ ਰਾਣਾ ਵਲੋਂ ਵੱਖ ਵੱਖ ਪ੍ਰੈਸ ਕਾਨਫਰੰਸ ਕਰਕੇ ਸ਼ਹਿਰ ’ਚ ਠੱਪ ਪਏ ਵਿਕਾਸ ਕਾਰਜਾਂ ਅਤੇ ਗੰਦਗੀ ਦੇ ਢੇਰ ’ਚ ਤਬਦੀਲ ਹੋ ਚੁੱਕੇ ਸ਼ਹਿਰ ਦੀ ਦੁਰਦਸ਼ਾ ਲਈ ਇਕ ਦੂਜੇ ’ਤੇ ਦੋਸ਼ ਲਗਾਉਂਦਿਆਂ ਠੀਕਰਾ ਫੋੜਿਆ ਗਿਆ। ਵੱਖ-ਵੱਖ ਪ੍ਰੈੱਸ ਕਾਨਫਰੰਸ ਕਰਦੇ ਹੋਏ ਵਿਧਾਇਕਾ ਅਤੇ ਪ੍ਰਧਾਨ ਵਲੋਂ ਇਕ-ਦੂਜੇ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਵਿਕਾਸ ਦੇ ਕੰਮ ਕਰਵਾਉਣਾ ਚਾਹੁੰਦੇ ਹਾਂ ਪਰ ਦੂਜਾ ਧੜਾ ਸਾਨੂੰ ਕਰਨ ਨਹੀਂ ਦੇ ਰਿਹਾ। ਦੋਵਾਂ ਵੱਲੋਂ ਕੀਤੀ ਅਜਿਹੀ ਪ੍ਰੈੱਸ ਕਾਨਫਰੰਸ ਦੀ ਸ਼ਹਿਰ ਵਿੱਚ ਕਾਫੀ ਚਰਚਾ ਹੋਈ। ਹੁਣ ਇਸ ਤੋਂ ਅੱਗੇ ਜਾ ਕੇ ਪੋਸਟਰ ਜੰਗ ਸ਼ੁਰੂ ਹੋ ਗਿਆ ਹੈ। ਜਿਸ ਵਿਚ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਆਪਣੇ ਸਾਥੀ ਕੌਸਲਰਾਂ ਦੀਆਂ ਫ਼ੋਟੋਆਂ ਵਾਲੇ ਵੱਡੇ-ਵੱਡੇ ਫਲੈਕਸ ਬੋਰਡ ਲਗਾਏ ਗਏ ਹਨ, ਜਿਨ੍ਹਾਂ ’ਤੇ ਲਿਖਿਆ ਹੈ ਕਿ ‘‘ ਸਾਡੀ ਇਮਾਨਦਾਰੀ ਦੀ ਸਜ਼ਾ ਆਮ ਸ਼ਹਿਰ ਵਾਸੀਆਂ ਨੂੰ ਕਿਉਂ ? ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਸ਼ਹਿਰ ਦੇ ਵਿਕਾਸ ਲਈ ਅਸੀਂ 30 ਮਈ 2022 ਨੂੰ ਨਗਰ ਕੌਂਸਲ ਦੀ ਮੀਟਿੰਗ ਵਿੱਚ 23 ਵਾਰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ 73 ਵਿਕਾਸ ਕਾਰਜ ਕਰਵਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ, ਜੋ ਕਿ ਡਾਇਰੈਕਟਰ ਸਥਾਨਕ ਸਰਕਾਰਾਂ ਕੋਲ ਭੇਜਿਆ ਗਿਆ ਤਾਂ ਸਥਾਨਕ ਸਰਕਾਰਾਂ ਪੰਜਾਬ ਚੰਡੀਗੜ੍ਹ ਨੇ 10 ਅਗਸਤ 2022 ਨੂੰ ਇਸ ਨੂੰ ਪਾਸ ਕਰਕੇ ਵਾਪਸ ਨਗਰ ਕੌਂਸਲ ਕੋਲ ਭੇਜ ਦਿੱਤਾ ਸੀ ਤਾਂ ਜੋ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਸਕਣ, ਪਰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਧੜੇ ਨਾਲ ਸਬੰਧਤ ਅੱਠ ਕੌਂਸਲਰਾਂ ਵਲੋਂ ਉਨ੍ਹਾਂ 23 ਵਾਰਡਾਂ ਦੇ 73 ਕੰਮਾਂ ਦੀ ਡਾਇਰੈਕਟ ਸਥਾਨਕ ਸਰਕਾਰਾਂ ਨੂੰ ਕਰਕੇ ਉਹ ਕੰਮ ਰੁਕਵਾ ਦਿਤੇ। ਇਸ ਤੋਂ ਪਹਿਲਾਂ ਅਸੀਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਸ਼ਹਿਰ ਦੇ 23 ਵਾਰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕੰਮ ਕਰਵਾਏ। ਇਸ ਪੋਸਟਰ ’ਤੇ ਨਗਰ ਕੌਂਸਲ ਵੱਲੋਂ 30 ਮਈ 2022 ਨੂੰ ਸ਼ਹਿਰ ਦੇ 23 ਵਾਰਡਾਂ ਦੇ 73 ਕੰਮਾਂ ਨੂੰ ਪਾਸ ਕਰਨ ਦਾ ਪੱਤਰ, ਜਿਸ ਤੋਂ ਬਾਅਦ ਸਰਕਾਰ ਵੱਲੋਂ ਪ੍ਰਵਾਨਗੀ ਦੇ ਕੇ ਵਾਪਿਸ ਭੇਜਿਆ ਗਿਆ ਪੱਤਰ ਅਤੇ ਉਸ ਤੋਂ ਬਾਅਦ ਲੋਕਲ ਬਾਡੀ ਡਾਇਰੈਕਟਰ ਨੂੰ ਵਿਧਾਇਕ ਧੜ੍ਹੇ ਦੇ ਅੱਠ ਕੌਂਸਲਰਾਂ ਦੇ ਹਸਤਾਖਰਾਂ ’ਤੇ ਉਨ੍ਹਾਂ ਕੰਮਾਂ ’ਤੇ ਰੋਕ ਲਗਾਉਣ ਲਈ ਭੇਜੇ ਗਏ ਪੱਤਰ ਦੀਆਂ ਕਾਪੀਆਂ ਵੀ ੰ ਫਲੈਕਸ ਬੋਰਡ ’ਤੇ ਵੀ ਛਾਪ ਦਿੱਤੀਆਂ ਹਨ। ਵਰਨਣਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਠੱਪ ਪਏ ਹਨ ਅਤੇ ਸ਼ਹਿਰ ਗੰਦਗੀ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ। ਜਿਸ ਨੂੰ ਲੈ ਕੇ ਰੋਜ਼ਾਨਾ ਧਰਨੇ-ਮੁਜ਼ਾਹਰੇ ਹੋ ਰਹੇ ਹਨ ਪਰ ਨਗਰ ਕੌਂਸਲ ਦੇ ਕੌਂਸਲਰ ਗੰਦੀ ਰਾਜਨੀਤੀ ਖੇਡ ਕੇ ਪ੍ਰਧਾਨਗੀ ਦੀ ਕੁਰਸੀ ਹਥਿਆਉਣ ਲਈ ਆਪਸ ਵਿੱਚ ਲੜ ਰਹੇ ਹਨ ਅਤੇ ਸ਼ਹਿਰ ਦੇ ਮਸਲਿਆਂ, ਵਿਕਾਸ ਕਾਰਜਾਂ ਅਤੇ ਗੰਦਗੀ ਨੂੰ ਲੈ ਕੇ ਕੋਈ ਵੀ ਸੰਜੀਦਾ ਕਦਮ ਨਹੀਂ ਚੁੱਕ ਰਿਹਾ। ਨਗਰ ਕੌਂਸਲ ਕੋਲ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਫੰਡ ਪਏ ਹਨ, ਜੋ ਇਨ੍ਹਾਂ ਦੀ ਧੜੇਬੰਦੀ ਕਾਰਨ ਸ਼ਹਿਰ ’ਚ ਨਹੀਂ ਲੱਗ ਸਕੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਨਗਰ ਕੌਂਸਲ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਲਈ ਐਨ.ਓ.ਸੀ ਲੈਣ ਲਈ ਚਰਚਾ ਦਾ ਵਿਸ਼ਾ ਬਣੀ ਰਹੀ ਅੰਨ੍ਹੀ ਲੁੱਟ ਕੀਤੀ ਗਈ ਅਤੇ ਪੈਸੇ ਜੇਬਾਂ ਵਿੱਚ ਭਰੇ ਗਏ ਪਰ ਸ਼ਹਿਰ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਇਨ੍ਹਾਂ ਵਿੱਚੋਂ ਕੋਈ ਵੀ ਅੱਗੇ ਆਉਣ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਨੂੰ ਤਿਆਰ ਨਹੀਂ ਹੈ। ਹੁਣ ਪ੍ਰਧਾਨ ਜਤਿੰਦਰ ਪਾਲ ਰਾਣਾ ਗਰੁੱਪ ਵੱਲੋਂ ਲਗਾਏ ਗਏ ਵੱਡੇ-ਵੱਡੇ ਫਲੈਕਸ ਬੋਰਡ ਸ਼ਹਿਰ ਵਿੱਚ ਕਾਫੀ ਸੁਰਖੀਆਂ ਬਟੋਰ ਰਹੇ ਹਨ।
ਦੂਸਰੇ ਧੜ੍ਹੇ ਨੇ ਵੀ ਲਗਾਏ ਦੋਸ਼-
ਪ੍ਰਧਾਨ ਰਾਣਾ ਵਲੋਂ ਲਗਵਾਏ ਗਏ ਚਰਚਿਤ ਫਲੈਕਸੀਆਂ ਵਿਚ ਕੀਤੇ ਗਏ ਖੁਲਾਸੇ ਤੋਂ ਬਾਅਦ ਦੂਸਰੇ ਧੜ੍ਹੇ ਵਲੋਂ ਵੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਸੋਸ਼ਲ ਮੀਡੀਆ ਰਾਹੀਂ ਕੀਤੀ ਗਈ। ਸੋਸ਼ਲ ਮੀਡੀਆ ਤੇ ਚੱਲ ਰਹੀ ਗਲਬਾਤ ਵਿਚ ਉਨ੍ਹਾਂ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਉਨ੍ਹਾਂ ਦੇ ਧੜ੍ਹੇ ਤੇ ਨਜਾਇਜ ਕਬਜ਼ਿਆਂ ਦੇ ਦੋਸ਼ ਲਗਾਏ। ਪਹਿਲਾਂ ਕੀਤੇ ਵਿਕਾਸ ਕੰਮਾਂ ਵਿਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਏ ਅਤੇ ਰਾਏਕੋਟ ਰੋਡ ਤੇ ਪਹਿਲਾਂ ਹੋਏ ਕੰਮ ਵਿਚ ਵੱਡੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਲਾਵਾ ਇਸ ਰੋਡ ਤੇ ਬਾਕੀ ਰਹਿੰਦੇ ਨਿਰਮਾਣ ਨਾ ਕਰਵਾਉਣ ਦੇ ਦੋਸ਼ ਲਗਾਏ। ਹੁਣ ਸਵਾਲ ਇਹ ਬਣਦਾ ਹੈ ਕਿ ਬਤੌਰ ਕਾਰਜਕਾਰੀ ਪ੍ਰਧਾਨ ਬਾਗੀ ਧੜ੍ਹੇ ਵਲੋਂ ਵੀ ਚਾਰ ਮਹੀਨੇ ਨਗਰ ਕੌਂਸਲ ਦਾ ਕਾਰਜਭਾਰ ਸੰਭਾਲਿਆ ਗਿਆ। ਉਸ ਸਮੇਂ ਨਗਰ ਕੌਂਸਲ ਤੇ ਵੀ ਆਮ ਆਦਮੀ ਪਾਰਟੀ ਅਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਅਤੇ ਸਥਾਨਕ ਵਿਧਾਇਕ ਵੀ ਆਮ ਆਦਮੀ ਪਾਰਟੀ ਦਾ ਰਿਹਾ। ਫਿਰ ਉਸ ਸਮੇਂ ਦੌਰਾਨ ਤੁਸੀਂ ਪ੍ਰਧਾਨ ਧੜ੍ਹੇ ਵਲੋਂ ਕੀਤੇ ਗਏ ਨਜ਼ਾਇਜ ਕਬਜਿਆਂ ਤੇ ਕੀ ਕਾਰਵਾਈ ਕੀਤੀ ? ਕੀ ਤੁਸੀਂ ਉਹ ਨਜਾਇਜ਼ ਕਬਜ਼ੇ ਖਤਮ ਕਰਵਾਏ ? ਕਿਸ ਮਜ਼ਬੂਰੀ ਵਿਚ ਖਾਮੋਸ਼ ਰਹੇ ? ਇਸ ਗੰਭੀਰ ਵਿਸ਼ੇ ਤੇ ਤੁਸੀਂ ਆਪਣੀ ਜਿੰਮੇਵਾਰੀ ਕਿਉਂ ਨਹੀਂ ਨਿਭਾਈ ? ਦੂਸਰਾ ਇਹ ਕਿਹਾ ਗਿਆ ਹੈ ਕਿ ਰਾਏਕੋਟ ਰੋਡ ਦੇ ਨਿਰਮਾਣ ਵਿਚ ਰਬੜ ਵਾਲੀਆਂ ਇੰਟਰਲੌਕ ਟਾਇਲਾਂ ਨਹੀਂ ਲਗਾਈਆਂ ਜਾ ਰਹੀਆਂ ਸਨ ਤਾਂ ਅਸੀਂ ਸ਼ਿਕਾਇਤ ਕੀਤੀ ਅਤੇ ਉਸਤੋਂ ਬਾਅਦ ਰਬੜ ਵਾਲੀਆਂ ਟਾਇਲਾਂ ਲਗਾਈਆਂ ਗਈਆਂ। ਪਰ ਉਸ ਸਮੇਂ ਤੱਕ ਤਾਂ ਅੱਧੀ ਸੜਕ ਬਣ ਚੁੱਕੀ ਸੀ। ਉਹ ਥਾਂ ਜਿਥੇ ਰਬੜ ਵਾਲੀਆਂ ਟਾਇਲਾਂ ਨਹੀਂ ਲੱਗੀਆਂ ਉਹ ਟਾਇਲਾਂ ਦੁਬਾਰਾ ਪੁੱਟ ਕੇ ਉਥੇ ਨਵੀਆਂ ਟਾਇਲਾਂ ਲਗਾਈਆਂ ਸਨ ? ਉਹ ਸ਼ਿਕਾਇਤ ਜੋ ਤੁਸੀਂ ਕੀਤੀ ਸੀ ਉਹ ਕਿਸ ਸਿੱਟੇ ਤੇ ਪਹੁੰਚੀ ਉਸਦੀ ਕਦੇ ਚਰਚਾ ਨਹੀਂ ਕੀਤੀ ਗਈ। ਰਾਏਕੋਟ ਰੋਡ ਤੇ ਬਾਕੀ ਰਹਿੰਦੀ ਸੜਕ ਦਾ ਨਿਰਮਾਣ ਕਰਵਾਉਣ ਵਿਚ ਜਦੋਂ ਤੁਹਾਡੇ ਪਾਸ ਸਮਾਂ ਸੀ ਤਾਂ ਤੁਸੀਂ ਕਿਉਂ ਨਹੀਂ ਉਹ ਕੰਮ ਕਰਵਾਇਆ ? ਹੁਣ ਜਦੋਂ ਸੱਤਾ ਤੋਂ ਲਾਂਭੇ ਹੋ ਗਏ ਤਾਂ ਫਿਰ ਦੋਸ ਲਗਾਏ ਜਾ ਰਹੇ ਹਨ ਪਰ ਜਦੋਂ ਸੱਤਾ ਵਿਚ ਸੀ ਤਾਂ ਕੁਝ ਨਹੀਂ ਕੀਤਾ। ਜਦੋਂ ਕਿ ਇਨ੍ਹਾਂ ਦੋਸ਼ਾਂ ਅਨੁਸਾਰ ਤੁਸੀਂ ਅਤੇ ਤੁਹਾਡੀ ਸਰਕਾਰ ਕਾਰਵਾਈ ਕਰ ਸਕਦੀ ਸੀ। ਇਹ ਸਾਰੇ ਸਵਾਲਾਂ ਦੇ ਜਵਾਬ ਜਗਰਾਓਂ ਵਾਸੀ ਚਾਹੁੰਦੇ ਹਨ।