ਗੜ੍ਹਸ਼ੰਕਰ, 07 ਮਈ (ਭਗਵਾਨ ਭੰਗੂ) : ਪੰਜਾਬ ਜਲ ਸਰੋਤ ਨਿਗਮ ਦੀ ਮੀਟਿੰਗ ਸ਼ਿੰਗਾਰਾ ਰਾਮ ਭੱਜਲ ਦੀ ਪ੍ਰਧਾਨਗੀ ਹੇਠ ਨਵਾਂ ਬੱਸ ਅੱਡਾ ਵਿਖੇ ਹੋਈ। ਮੀਟਿੰਗ ਦੌਰਾਨ ਈਪੀਐੱਫ ਵੱਲੋਂ ਵਾਰ ਵਾਰ ਮੈਨਸ਼ਨ ਨਾ ਚਾਲੂ ਕਰਨ ਲਈ ਕਈ ਤਰ੍ਹਾਂ ਦੇ ਕਾਗਜ਼ੀ ਅੜਿੱਕੇ ਖੜੇ ਕਰਨ ਅਤੇ ਜਲੰਧਰ ਈਪੀਐੱਫ ਦਫ਼ਤਰ ਵੱਲੋਂ ਚਿੱਠੀਆਂ ਪਾ ਕੇ ਪੇ੍ਸ਼ਾਨ ਕਰਨ ਦੀ ਨਿਖੇਧੀ ਕੀਤੀ ਗਈ। ਭੱਜਲ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਸਾਲ ਪਹਿਲਾਂ ਮੁਲਾਜ਼ਮਾਂ ਅਤੇ ਹੋਰ ਵਰਗਾਂ ਨਾਲ ਵਾਅਦੇ ਕਰਕੇ ਸੱਤਾ ਵਿਚ ਆਈ ਸੀ ਪਰ ਉਹ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਇਸ ਲਈ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੋ ਕੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੈ। ਸਰਕਾਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪਹਿਲਵਾਨ ਕੁਸ਼ਤੀ ‘ਚ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ ਜਦਕਿ ਦੂਜੇ ਪਾਸੇ ਬਿ੍ਜ ਭੂਸ਼ਨ ਸ਼ਰਨ ਸਿੰਘ ਵਰਗੇ ਨੇਤਾ ਦੇਸ਼ ਦੀਆਂ ਪਹਿਲਵਾਨਾਂ ਅਤੇ ਹੋਰ ਖਿਡਾਰਨਾਂ ਦਾ ਜ਼ਿਨਸੀ ਸੋਸ਼ਣ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਜਿਸ ਦੇ ਵਿਰੁੱਧ ਐਫਆਰਆਈ ਦਰਜ ਹੈ ਨੂੰ ਫੌਰੀ ਤੌਰ ਤੇ ਅਹੁਦੇ ਤੋਂ ਹਟਾ ਕੇ ਸਖ਼ਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਬਾਲ ਚੰਦ ਬੇਦੀ, ਰੋਸ਼ਨ ਲਾਲ, ਰਾਮਪਾਲ, ਸੋਹਣ ਲਾਲ, ਮਨਮੋਹਣ ਸਿੰਘ, ਰੌਣਕੀ ਰਾਮ, ਸੁਭਾਸ਼ ਚੰਦ, ਜਸਵਿੰਦਰ ਸਿੰਘ, ਗੁਰਮੀਤ ਰਾਮ ਅਤੇ ਲਖਵੀਰ ਸਿੰਘ ਹਾਜ਼ਰ ਸਨ।