ਕੁਰਾਲੀ 9 ਮਈ( ਬਿਊਰੋ)-ਦਿੱਲੀ ਜਾ ਰਹੀ ਹਰਿਆਣਾ ਰੋਡਵੇਜ ਦੀ ਬੱਸ ਦਾ ਰਾਧਾ ਸੁਆਮੀ ਸੰਗਤ ਦੀ ਬੱਸ ਨਾਲ ਕੁਰਾਲੀ ਦੇ ਓਵਰ ਬ੍ਰਿਜ ‘ਤੇ ਹਾਦਸਾ ਵਾਪਰ ਗਿਆ ਹੈ।ਹਾਦਸੇ ਦੌਰਾਨ ਦੋ ਸਵਾਰੀਆਂ ਦੀ ਮੌਕੇ ‘ਤੇ ਮੌਤ ਹੋ ਗਈ ਤੇ 25 ਦੇ ਕਰੀਬ ਹੋਰ ਸਵਾਰੀਆਂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈਆਂ। ਸਥਾਨਕ ਸਿਟੀ ਪੁਲਿਸ ਦੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਬੱਸਾਂ ਕਬਜ਼ੇ ‘ਚ ਲੈਂਦੇ ਹੋਏ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮ ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਡਰਾਈਵਰ ਤੇ ਕੰਡਕਟਰ ਪੁਲ ਤੋਂ ਹੇਠਾਂ ਡਿੱਗ ਗਏ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹਨ।ਜਾਣਕਾਰੀ ਅਨੁਸਾਰ ਦੋਨੋਂ ਬੱਸਾ ਰੂਪਨਗਰ ਵਾਲੇ ਪਾਸਿਓਂ ਖਰੜ ਵੱਲ ਨੂੰ ਜਾ ਰਹੀਆਂ ਸਨ। ਇਸੇ ਦੌਰਾਨ ਇਕ ਬਸ ਦੇ ਡਰਾਇਵਰ ਵੱਲੋਂ ਦੂਜੀ ਬੱਸ ਨੂੰ ਓਵਰਟੇਕ ਕਰਨ ਦੌਰਾਨ ਇਹ ਸਾਰੀ ਘਟਨਾ ਵਾਪਰੀ। ਹਾਦਸੇ ਦੌਰਾਨ ਇੱਕ ਬੱਸ ਰੇਲਵੇ ਓਵਰ ਬ੍ਰਿਜ ਦੀ ਰੇਲਿੰਗ ‘ਤੇ ਚੜਨ ਦੌਰਾਨ ਅੱਧ ਵਿਚਕਾਰ ਪੁਲ਼ ‘ਤੇ ਲਟਕ ਗਈ। ਇਸੇ ਦੌਰਾਨ ਦੋ ਸਵਾਰੀਆਂ ਬੱਸ ‘ਚੋਂ ਓਵਰਬਿ੍ਰਜ ਦੀ ਕਰੀਬ 30 ਫੁੱਟ ਉਚਾਈ ਤੋਂ ਥੱਲੇ ਜਾਂਦੀ ਸਰਵਿਸ ਰੋਡ ‘ਤੇ ਡਿੱਗ ਪਈਆਂ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪੁਹੰਚੀ ਸਿਟੀ ਥਾਣਾ ਪੁਲਿਸ ਦੀ ਟੀਮ ਤੇ ਇਕੱਠੇ ਹੋਏ ਲੋਕਾਂ ਨੇ ਸਵਾਰੀਆਂ ਨੂੰ ਬੱਸ ‘ਚੋਂ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਹਾਦਸੇ ਦੌਰਾਨ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਮੌਕੇ ‘ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਕਈ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ।