ਮੋਗਾ, 10 ਨਵੰਬਰ: ( ਕੁਲਵਿੰਦਰ ਸਿੰਘ) –
ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਜੀ ਦੀ ਅਗਵਾਈ ਵਿਚ ਚੱਲ ਰਹੇ ‘ਪੰਜਾਬੀ ਮਾਹ-2022’ ਤਹਿਤ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਸੰਬੰਧੀ ਡੀ.ਐੱਮ. ਕਾਲਜ ਮੋਗਾ ਵਿਖੇ ਆਯੋਜਿਤ ਵਿਸ਼ੇਸ਼ ਸਮਾਗਮ ਯਾਦਗਾਰੀ ਹੋ ਨਿਬੜਿਆ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦੀ ਪ੍ਰਧਾਨਗੀ, ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਵੀਰਪਾਲ ਕੌਰ, ਸਹਾਇਕ ਡਾਇਰੈਕਟਰ ਸਤਨਾਮ ਸਿੰਘ ਅਤੇ ਪਰਵੀਨ ਕੁਮਾਰ ਦੀ ਰਹਿਨੁਮਾਈ ਅਤੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਸੁਰਿੰਦਰ ਕੌਰ ਦੇ ਨਿਰਦੇਸ਼ਨ ਹੇਠ ਆਯੋਜਿਤ ਇਸ ਸਮਾਗਮ ਵਿੱਚ ਵਿਧਾਇਕ ਬਾਘਾਪੁਰਾਣਾ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਵਜੋਂ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਧਰਮ ਪਤੀ ਡਾ. ਰਾਕੇਸ਼ ਅਰੋੜਾ ਅਤੇ ਡਿਪਟੀ ਕਮਿਸ਼ਨਰ, ਮੋਗਾ ਕੁਲਵੰਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਤੁਲੀ, ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਗੋਪਾਲ ਅਗਰਵਾਲ ਅਤੇ ਮੈਂਬਰ ਸ਼੍ਰੀ ਅਜੇ ਅਗਰਵਾਲ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਿੰਨ ਵਰਗਾਂ ‘ੳ’, ‘ਅ’ ਅਤੇ ‘ੲ’ ਵਿਚ ਪਹਿਲੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਵਰਗ ‘ੳ’ ਵਿਚੋਂ ਮਨਜੋਤ ਕੌਰ ਜ਼ਿਲ੍ਹਾ-ਲੁਧਿਆਣਾ ਨੇ ਪਹਿਲਾ, ਕਰਨਵੀਰ ਸਿੰਘ ਯੂ.ਟੀ.-ਚੰਡੀਗੜ੍ਹ ਨੇ ਦੂਜਾ ਅਤੇ ਨਿਰਮਾਨ ਸਿੰਘ ਜ਼ਿਲ੍ਹਾ-ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਵਰਗ ‘ਅ’ ਵਿਚੋਂ ਸੁਨੀਲ ਕੁਮਾਰ ਜ਼ਿਲ੍ਹਾ-ਫ਼ਜ਼ਿਲਕਾ ਨੇ ਪਹਿਲਾ, ਸੰਧਿਆ ਜ਼ਿਲ੍ਹਾ-ਮੋਗਾ ਨੇ ਦੂਜਾ ਅਤੇ ਅਮਨਦੀਪ ਕੌਰ ਜ਼ਿਲ੍ਹਾ-ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਵਰਗ ‘ੲ’ ਵਿਚੋਂ ਮਨਦੀਪ ਕੌਰ ਜ਼ਿਲ੍ਹਾ-ਫ਼ਾਜ਼ਿਲਕਾ ਨੇ ਪਹਿਲਾ, ਪ੍ਰਕਾਸ਼ ਸਿੰਘ ਜ਼ਿਲ੍ਹਾ-ਮੁਕਤਸਰ ਨੇ ਦੂਜਾ, ਅਤੇ ਜਗਸੀਰ ਸਿੰਘ ਜ਼ਿਲ੍ਹਾ-ਫਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ।ਡਿਪਟੀ ਕਮਿਸ਼ਨਰ, ਮੋਗਾ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਸ਼ਾ ਵਿਭਾਗ ਦੁਆਰਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਸ਼ੀਲ ਕੁਮਾਰ ਤੁਲੀ ਨੇ ਵੀ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਭਾਸ਼ਾ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ/ਮਾਪਿਆਂ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਸ. ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਭਾਸ਼ਾ ਵਿਭਾਗ ਦੁਆਰਾ ਪੰਜਾਬੀ ਮਾਹ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਆਯੋਜਿਤ ਕੀਤੇ ਜਾ ਰਹੇ ਭਰਵੇਂ ਸਮਾਗਮਾਂ ਪ੍ਰਤੀ ਤਸੱਲੀ ਪ੍ਰਗਟ ਕਰਦਿਆਂ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਦੀ ਸੰਭਾਲ, ਪ੍ਰਚਾਰ ਅਤੇ ਪ੍ਰਸਾਰ ਲਈ ਪੂਰੀ ਸਰਗਰਮੀ ਨਾਲ ਸੇਵਾਵਾਂ ਨਿਭਾਅ ਰਿਹਾ ਹੈ। ਪੰਜਾਬ ਸਰਕਾਰ ਇਸ ਵਿਭਾਗ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਦ੍ਰਿੜ੍ਹ ਹੈ। ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ, ਮੋਗਾ ਨੂੰ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਆਪਣੀ ਇਕ ਤਨਖਾਹ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਗੁਰਪ੍ਰੀਤ ਘਾਲੀ ਨੇ ਬਾਖੂਬੀ ਨਿਭਾਈ। ਕਾਲਜ ਦੇ ਪ੍ਰਿੰਸੀਪਲ ਐੱਸ. ਕੇ. ਸ਼ਰਮਾ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਮਨਾਏ ਜਾ ਰਹੇ ਪੰਜਾਬੀ ਮਾਹ ਅਤੇ ਅੱਜ ਦੇ ਸਮਾਗਮ ਦੀ ਸਮੁੱਚੀ ਰੂਪ-ਰੇਖਾ ਬਾਰੇ ਚਾਨਣਾ ਪਾਇਆ। ਕੁਇਜ਼ ਮਾਸਟਰ ਦੀ ਭੂਮਿਕਾ ਮੁੱਖ ਅਧਿਆਪਕ ਰਿਸ਼ੀ ਮਨਚੰਦਾ, ਮਾਸਟਰ ਜਸਵਿੰਦਰ ਕੁਮਾਰ ਅਤੇ ਮਾਸਟਰ ਬੂਟਾ ਸਿੰਘ ਨੇ ਬਹੁਤ ਦਿਲਚਸਪ ਢੰਗ ਨਾਲ ਨਿਭਾਉਂਦਿਆਂ ਅੱਜ ਦੇ ਮੁਕਾਬਲੇ ਦਾ ਸੰਚਾਲਨ ਕੀਤਾ। ਇਸ ਮੌਕੇ ਨੌਜਵਾਨ ਗਾਇਕ ਅਮਿਤੋਜ ਧਾਲੀਵਾਲ ਨੇ ਗਿਟਾਰ ਉੱਪਰ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਇਕ ਕੁੜੀ ਜੀਹਦਾ ਨਾਮ ਮੁਹੱਬਤ’ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਮੁੱਖ ਦਫ਼ਤਰ ਤੋਂ ਆਏ ਸਟਾਫ਼ ਵਿਚੋਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਕਲਰਕ ਮਨਪ੍ਰੀਤ ਸਿੰਘ ਦੁਆਰਾ, ਸਕੋਰ ਬੋਰਡ ਦੀ ਜ਼ਿੰਮੇਵਾਰੀ ਕਲਰਕ ਅਵਨੀਤ ਕੌਰ ਦੁਆਰਾ ਅਤੇ ਟਾਈਮ ਕੀਪਿੰਗ ਦੀ ਜ਼ਿੰਮੇਵਾਰੀ ਕਲਰਕ ਮਨਦੀਪ ਕੌਰ ਦੁਆਰਾ ਪੂਰੀ ਤਨਦੇਹੀ ਨਾਲ ਨਿਭਾਈ ਗਈ।
ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਕਾਲਜ ਵਿਖੇ ਵਿਸ਼ੇਸ਼ ਤੌਰ ‘ਤੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਸੰਚਾਲਨ ਕਲਰਕ ਰਾਹੁਲ ਦੁਆਰਾ ਕੀਤਾ ਗਿਆ। ਸਮਾਗਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਪ੍ਰਸਿੱਧ ਡਾਕੂਮੈਂਟਰੀ ਮਾਹਿਰ ਅਮਰ ਘੋਲੀਆ ਅਤੇ ਸਾਥੀਆਂ ਵੱਲੋਂ ਕੀਤੀ ਗਈ। ਅਖੀਰ ਵਿਚ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ‘ਤੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਡੀ. ਐੱਮ. ਕਾਲਜ, ਮੋਗਾ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਭਵਿੱਖ ਵਿਚ ਵੀ ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ-ਮੋਗਾ ਵਿਖੇ ਵੱਡੇ ਸਮਾਗਮ ਕਰਵਾਏ ਜਾਣਗੇ। ਸਰੋਤਿਆਂ ਵਿਚ ਪੰਜਾਬੀ ਦੇ ਕਈ ਨਾਮਵਰ ਸਾਹਿਤਕਾਰ ਅਤੇ ਵਿਦਵਾਨ ਜਿਵੇਂ ਗੁਰਮੇਲ ਸਿੰਘ ਬੌਡੇ, ਕਰਨਲ ਬਾਬੂ ਸਿੰਘ, ਦਵਿੰਦਰ ਗਿੱਲ, ਅਮਰਪ੍ਰੀਤ ਕੌਰ ਸੰਘਾ, ਚਰਨਜੀਤ ਸਮਾਲਸਰ, ਕੁਲਵੰਤ ਸਿੰਘ ਧਾਲੀਵਾਲ, ਬਲਬੀਰ ਸਿੰਘ ਸੇਖਾ ਕਲਾਂ, ਡਾ. ਮਨਦੀਪ ਕੌਰ, ਸਤੀਸ਼ ਕੁਮਾਰ ਸਚਦੇਵਾ, ਸ਼ਵਿਦਰ ਸਿੰਘ, ਹਰਜੀਤ ਕੌਰ ਗਿੱਲ, ਡਾ. ਸਰਬਜੀਤ ਕੌਰ, ਕਰਮਜੀਤ ਕੌਰ, ਯਾਦਵਿੰਦਰ ਸਿੰਘ, ਬਬਲੀ ਮੋਗਾ ਅਤੇ ਹੋਰ ਕਈ ਪਤਵੰਤੇ ਅਤੇ ਵਿਦਿਆਰਥੀ ਹਾਜ਼ਰ ਸਨ।