ਪਿਛਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ’ਤੇ ਪੰਜਾਬ ਵਿੱਚ ਜੋ ਵੀ ਘਟਨਾਕ੍ਰਮ ਵਾਪਰਿਆ ਉਸ ਤੋਂ ਪੈਦਾ ਹੋਏ ਹਾਲਾਤ ਪੰਜਾਬ ਦੇ ਅਨੁਕੂਲ ਨਹੀਂ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਵੱਡੇ ਅੱਤਵਾਦੀ ਦੇ ਤੌਰ ਤੇ ਪੇਸ਼ ਕਰ ਦਿਤਾ ਗਿਆ ਅਤੇ ਉਸ ਨਾਲ ਥੋੜਾ ਜਿਹਾ ਸੰਪਰਕ ਰੱਖਣ ਵਾਲੇ ਨੌਜਵਾਨਾਂ ’ਤੇ ਵੀ ਵੱਡੇ ਪੱਧਰ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਭਾਵੇਂ ਪੰਜਾਬ ’ਚ ਫਿਲਹਾਲ ਅਜਿਹੀ ਕੋਈ ਸਥਿਤੀ ਨਹੀਂ ਹੈ ਕਿ ਮਾਹੌਲ ਖਰਾਬ ਹੋ ਜਾਵੇ ਜਾਂ ਫਿਰ ਖਾਲਿਸਤਾਨ ਦਾ ਨਾਅਰਾ ਫਿਰ ਤੋਂ ਗੂੰਜਣ ਲੱਗ ਪਿਆ ਹੋਵੇ। ਪਰ ਅੰਮ੍ਰਿਤਪਾਲ ਸਿੰਘ ਮਾਮਲੇ ਨੂੰਨੂੰ ਲੈ ਕੇ ਜਿਸ ਤਰੀਕੇ ਨਾਲ ਸਮੁੱਚੀ ਸਿੱਖ ਕੌਮ ਨੂੰ ਕੌਮੀ ਟੀਵੀ ਚੈਨਲਾਂ ਅਤੇ ਖੇਤਰੀ ਟੀਵੀ ਚੈਨਲਾਂ ਵੱਲੋਂ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ. ਉਹ ਬਹੁਤ ਮੰਦਭਾਗਾ ਹੈ। ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਤੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਪੇਸ਼ ਕੀਤੇ ਜਾ ਰਹੇ ਹਨ ਜਿਵੇਂ ਪੰਜਾਬ ਇਕ ਵਾਰ ਫਿਰ ਤੋਂ 1980 ਦੇ ਦਹਾਕੇ ਤੇ ਪਹੁੰਚਣ ਦੀ ਕਗਾਰ ਵਿਚ ਹੋਵੇ। ਇਹ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਿਰਦੇਸ਼ਾਂ ’ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਵਿਦਵਾਨਾਂ, ਪੱਤਰਕਾਰਾਂ , ਜਥੇਬੰਦੀਆਂ ਅਤੇ ਬੁੱਧੀਜੀਵੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਇਸ ਪੂਰੇ ਘਟਨਾਕ੍ਰਮ ’ਤੇ ਇਕਮੱਤ ਹੋ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ’ਚ ਸਿੰਘ ਸਹਿਬ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਹਾ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧ ਰੱਖਣ ਦੇ ਦੋਸ਼ ਵਿਚ ਨਜਾਇਜ਼ ਤੌਰ ’ਤੇ ਫੜੇ ਗਏ ਸਾਰੇ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਰਿਹਾਅ ਕਰਨ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਵਹੀਰ ਸ਼ੁਰੂ ਕੀਤੀ ਜਾਵੇਗੀ। ਇਸਦੇ ਨਾਲ ਹੀ ਜਿੰਨਾਂ ਨੌਜਵਾਨਾਂ ’ਤੇ ਐਮ ਐਸ ਏ ਲਗਾਇਆ ਗਿਆ ਹੈ ਉਹ ਤੁਰੰਤ ਹਟਾਇਆ ਜਾਵੇ। ਜਿਸ ਤਰ੍ਹਾਂ ਦੀ ਕਾਰਵਾਈ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਸ਼ੁਰੂ ਕੀਤੀ ਗਈ ਹੈ ਉਹ ਇਨਸਾਫ ਦੇ ਤਰਾਜੂ ਤੇ ਇਕ ਤਰਫਾ ਨਜਰ ਆ ਰਹੀ ਹੈ। ਅਜਨਾਲਾ ਥਾਣੇ ਦਾ ਘਿਰਾਓ ਕਰਨ ਦੇ ਮਾਮਲੇ ’ਚ ਭਾਵੇਂ ਸਿੱਖ ਸੰਗਤ ਭਾਈ ਅਮਿ੍ਰਤਪਾਲ ਸਿੰਘ ਨਾਲ ਇਸ ਕਰਕੇ ਨਾਰਾਜ ਸੀ ਕਿ ਉਨ੍ਹਾਂ ਨੇ ਅਜਨਾਲੇ ਥਾਣੇ ਦਾ ਘੇਰਾਓ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਥੇ ਨਾਲ ਲਿਜਾਏ ਗਏ। ਉਥੇ ਕਿਸੇ ਵੀ ਤ੍ਰਾਂ ਦੀ ਅਨਹੋਣੀ ਵਾਪਰ ਸਕਦੀ ਸੀ। ਪਰ ਪੰਜਾਬ ਸਰਕਾਰ ਵਲੋਂ ਜਿਸ ਢੰਗ ਨਾਲ ਅਮਿ੍ਰਤਪਾਲ ਸਿੰਘ ਖਿਲਾਫ ਕਾਰਵਾਈ ਸ਼ੁਰੂ ਕੀਤੀ ਉਸ ਦੇ ਸ਼ੁਰੂਆਤੀ ਦੌਰ ਵਿਚ ਭਾਵੇਂ ਬਹੁਤੇ ਲੋਕ ਉਸਦੇ ਨਾਲ ਨਜਰ ਨਹੀਂ ਆ ਰਹੇ ਸਨ ਪਰ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ। ਲੋਕ ਖੁਦ ਬਾ ਖੁਦ ਹੀ ਭਾਈ ਅਮਿ੍ਰਤਪਾਲ ਸਿੰਘ ਦੇ ਹੱਕ ਵਿਚ ਖੜ੍ਹਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਇੱਕ ਲਹਿਰ ਬਣਦੀ ਨਜ਼ਰ ਆ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਲਈ ਮੁਸੀਬਤ ਖੜੀ ਕਰ ਸਕਦੀ ਹੈ। ਖਾਲਿਸਤਾਨ ਦੇ ਨਾਮ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਪੁਰਾਤਨ ਖਾਲਸਾ ਰਾਜ ਦੇ ਸਮੇਂ ਦੇ ਝੰਡੇ ਅਤੇ ਨਿਸ਼ਾਨੀਆਂ ਨੂੰ ਪ੍ਰਚਾਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕੇਂਦਰ ਸਰਕਾਰ ਦੇ ਦਬਾਅ ਕਾਰਨ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਭਾਜਪਾ ਪੰਜਾਬ ਵਿੱਚ ਅਜਿਹਾ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਅਤੇ ਫਿਰ ਵਿਧਾਨ ਸਭਾ ਚੋਣਾਂ ਵਿੱਚ ਜ਼ੋਰਦਾਰ ਢੰਗ ਨਾਲ ਲੜ ਆਪਣੀ ਹਾਜਰੀ ਦਰਜ ਕਰਵਾ ਸਕੇ। ਅੱਤਵਾਦ ਦਾ ਹਊਆ ਖੜਾ ਕਰਕੇ ਪੰਜਾਬ ਵਿੱਚ ਮੁੜ ਅਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂਕਿ ਪੰਜਾਬ ਦਾ ਇਕ ਵੱਡਾ ਵਰਗ ਇਸੇ ਡਰ ਕਾਰਨ ਭਾਜਪਾ ਦੀ ਸ਼ਰਨ ਵਿਚ ਆ ਜਾਵੇ.। ਕੁਝ ਹੱਦ ਤੱਕ ਇਸ ਮਿਸ਼ਨ ਵਿਚ ਉਨ੍ਹਾਂ ਨੂੰ ਸਫਲਤਾ ਵੀ ਮਿਲਦੀ ਨਜਰ ਆ ਰਹੀ ਹੈ। ਜਦੋਂ ਕਿ ਪੰਜਾਬ ਉਸ ਕਾਲੇ ਦੌਰ ਦੀ ਸਮਾਪਤੀ ਤੋਂ ਬਾਅਦ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਰਿਹਾ ਹੈ ਅਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਪੰਜਾਬ ਵਿਚ ਅਮਨ-ਸ਼ਾਂਤੀ ਦਾ ਮਾਹੌਲ ਬਰਕਰਾਰ ਹੈ, ਕਿਧਰੇ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਕਤਰਾ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਡਰ ਦਾ ਮਾਹੌਲ ਪੈਦਾ ਕਰਨਾ ਬੰਦ ਕਰੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜੋ ਵੀ ਸਾਥੀ ਗ੍ਰਿਫਤਾਰ ਕਰੇ ਉਨ੍ਹਾਂ ਖਿਲਾਫ ਐਮ ਐਸ ਏ ਲਗਾਇਆ ਗਿਆ ਹੈ ਉਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਕਿ ਕਿਸੇ ਬੇਕਸੂਰ ਨੂੰ ਬਿਨਾਂ ਕਿਸੇ ਕਾਰਨ ਕਾਨੂੰਨੀ ਉਲਝਣ ਵਿਚ ਨਾ ਉਲਝਣਾ ਪਏ। ਪੰਜਾਬ ਸਰਕਾਰ ਨੂੰ ਸਿੱਖਾਂ ਦਾ ਪਿਛਲਾ ਇਤਿਹਾਸ ਚੰਗੀ ਤਰ੍ਹਾਂ ਨਾਲ ਪੜ੍ਹ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਨੇ ਕਿਸੇ ਵਧੀਕੀ ਕਰਨ ਵਾਲੇ ਨੂੰ ਕਦੇ ਨਹੀਂ ਬਖਸ਼ਿਆ। ਸਿੱਖ ਭਾਵਨਾਵਾਂ ਨਾਲ ਖੇਡਣ ਵਾਲੀ ਪਾਰਟੀ ਚਾਹੇ ਉਹ ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਉਸਦਾ ਹਸ਼ਰ ਸਭ ਦੇ ਸਾਹਮਣੇ ਹੈ। ਆਮ ਆਦਮੀ ਪਾਰਟੀ ਸਮੁੱਚੇ ਦੇਸ਼ ਵਿੱਚ ਆਪਣੇ ਸੁਨਹਿਰੀ ਭਵਿੱਖ ਲਈ ਲੜਾਈ ਲੜ ਰਹੀ ਹੈ। ਜੇਕਰ ਉਹ ਆਪਣੇ ਸੱਤਾ ਵਾਲੇ ਸੰਪੂਰਨ ਪਹਿਲੇ ਹੀ ਰਾਜ ਵਿਚ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਵਿਚ ਨਾਕਾਮ ਸਾਬਿਤ ਹੁੰਦੀ ਹੈ ਅਤੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕਰਦੀ ਤਾਂ ਫਿਰ ਦੇਸ਼ ਦੇ ਦੂਜੇ ਰਾਜਾਂ ਵਿੱਚ ਆਪਣੇ ਪੈਰ ਜਮਾਉਣੇ ਤਾਂ ਦੂਰ ਦੀ ਗੱਲ ਹੈ ਬਲਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਵੀ ਇਨ੍ਹਾਂ ਦਾ ਸੂਪੜਾ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਇਸ ਲਈ ਤੁਹਾਡੇ ਕੋਲ ਸਮਾਂ ਹੈ। ਪੰਜਾਬ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਫੁਰਮਾਨ ਨੂੰ ਗੰਭੀਰਤਾ ਨਾਲ ਲਏ। ਸਮਾਂ ਬੜਾ ਬਲਵਾਨ ਹੁੰਦਾ ਹੈ, ਮੌਕਾ ਸਭ ਨੂੰ ਦਿੰਦਾ ਹੈ ਪਰ ਬਖਸ਼ਦਾ ਕਿਸੇ ਨੂੰ ਵੀ ਨਹੀਂ।
ਹਰਵਿੰਦਰ ਸਿੰਘ ਸੱਗੂ।