ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਕਿਹਾ ਉਨ੍ਹਾਂ ਨੂੰ ਇਸ ਸਬੰਧੀ ਨਹੀਂ ਹੈ ਕੋਈ ਜਾਣਕਾਰੀ
ਜਗਰਾਉਂ, 14 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਮਿਆਰ ਇਸ ਹੱਦ ਤੱਕ ਉੱਚਾ ਕਰ ਦਿੱਤਾ ਹੈ ਕਿ ਹੁਣ ਅਧਿਕਾਰੀਆਂ, ਸਿਆਸਤਦਾਨਾਂ ਅਤੇ ਮਜ਼ਦੂਰਾਂ ਦੇ ਬੱਚੇ ਇਕੱਠੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਪੰਜਾਬ ਵਿਚ ਸੱਤਾ ਸੰਭਾਲਣ ਦਾ ਮੌਕਾ ਦਿਤਾ ਗਿਆ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੀ ਤਰਜ਼ ਤੇ ਸਮਰਾਟ ਸਕੂਲ ਬਣਾ ਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ। ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇਣਗੇ। ਅਜਿਹੇ ਵਾਅਦੇ ਅਤੇ ਦਾਅਵੇ ਕਰਕੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਆਪਣਾ ਇਕ ਸਾਲ ਪੂਰਾ ਕਰ ਚੁੱਕੀ ਹੈ। ਇਸ ਇਕ ਸਾਲ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸਰਕਾਰ ਦੇ ਦਾਅਵਿਆਂ ਅਨੁਸਾਰ ਜੇਕਰ ਸਰਕਾਰੀ ਸਕੂਲਾਂ ਦੀ ਨੁਹਾਰ ਦੇਖਣੀ ਹੋਵੇ ਤਾਂ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਲੱਖਾ ਵਿਖੇ ਪਹੁੰਚੋ। ਜਿਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਮਰਿਆਂ ਦੀ ਹਾਲਤ ਖੁਦ ਬਾ ਖੁਦ ਹਾਲਾਤ ਬਿਆਵ ਕਰ ਰਹੇ ਹਨ। ਇਸ ਸਕੂਲ ਵਿੱਚ ਚਾਰ ਕਮਰੇ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ। ਇਨ੍ਹਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਜਾਂ ਡਿੱਗਣ ਵਾਲੀਆਂ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਦੇ ਚਾਰ ਕਮਰੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਹੁਣ ਪਿਛਲੇ 7-8 ਮਹੀਨਿਆਂ ਤੋਂ ਉਨ੍ਹਾਂ ਵਿਚ ਕੋਈ ਵੀ ਕਲਾਸ ਕਲਾਸ ਨਹੀਂ ਲਗਾਈ ਜਾਂਦੀ। ਪਿੰਡ ਲੱਖਾ ਦੇ ਸੰਜੂ ਗੋਇਲ ਨਾਂ ਦੇ ਵਿਅਕਤੀ ਨੇ ਪਿੰਡ ਦੇ ਐਨ ਆਰ ਆਈ ਭਰਾਵਾਂ ਨੂੰ ਸਕੂਲ ਦੀ ਹਾਲਤ ਸੁਧਾਰਨ ਲਈ ਪੈਸੇ ਖਰਚ ਕੇ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ। ਸਰਕਾਰ ਦੇ ਵਾਅਦਿਆਂ ਅਤੇ ਦਾਅਵਿਆਂ ਨੂੰ ਪਾਸੇ ਰੱਖਦਿਆਂ ਪਿੰਡ ਦੇ ਕੁਝ ਪ੍ਰਵਾਸੀ ਭਾਰਤੀਆਂ ਨੇ ਅੱਗੇ ਆਉਣ ਦੀ ਹਾਮੀ ਭਰੀ ਹੈ।
ਕੀ ਕਹਿਣਾ ਹੈ ਅਧਿਆਪਕ ਦਾ- ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੱਖਾ ਵਿਖੇ ਤਾਇਨਾਤ ਅਧਿਆਪਕ ਪ੍ਰਵੇਸ਼ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਸਾਲ ਪਹਿਲਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਉਸ ਸਮੇਂ ਵਿਭਾਗ ਵੱਲੋਂ ਜਾਂਚ ਟੀਮ ਭੇਜੀ ਗਈ ਸੀ। ਜੋ ਸਕੂਲ ’ਚ ਚੈਕਿੰਗ ਕਰਕੇ ਕਹਿ ਕੇ ਚਲੇ ਗਏ ਸਨ ਕਿ ਅਸੀਂ ਇਸ ਸਬੰਧੀ ਆਪਣੀ ਰਿਪੋਰਟ ਅਧਿਕਾਰੀਆਂ ਨੂੰ ਦੇ ਦੇਵਾਂਗੇ। ਉਦੋਂ ਤੋਂ ਨਾ ਤਾਂ ਕੋਈ ਟੀਮ ਆਈ ਅਤੇ ਨਾ ਹੀ ਕੋਈ ਫੰਡ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਦੇ ਉਨ੍ਹਾਂ ਕਮਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਕੀ ਕਹਿਣਾ ਹੈ ਸਰਪੰਚ ਦਾ-ਇਸ ਸਬੰਧੀ ਪਿੰਡ ਲੱਖਾ ਦੇ ਸਰਪੰਚ ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਜਾਣੂ ਹਨ। ਇਨ੍ਹਾਂ ਕਮਰਿਆਂ ਦੀ ਮੁਰੰਮਤ ਪਿੰਡ ਪੱਧਰ ’ਤੇ ਕਰਵਾਉਣ ਲਈ ਅਸੀਂ ਚਾਰਜੋਈ ਸ਼ੁਰੂ ਕੀਤੀ ਸੀ। ਜਿਸ ਤਹਿਤ ਪਿੰਡ ਦੇ ਪ੍ਰਵਾਸੀ ਭਾਰਤੀਆਂ ਨੇ ਸਕੂਲ ਲਈ ਡੇਢ ਲੱਖ ਰੁਪਏ ਭੇਜੇ ਹਨ। ਜਿਸ ਦੇ ਨਾਲ ਇਨ੍ਹਾਂ ਕਮਰਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਕੂਲ ਦੇ ਇਨ੍ਹਾਂ ਕਮਰਿਆਂ ਦੀ ਖਸਤਾ ਹਾਲਤ ਨੂੰ ਦੇਖਦਿਆਂ ਸਕੂਲ ਨੂੰ ਤੁਰੰਤ ਗਰਾਂਟ ਮੁਹੱਈਆ ਕਰਵਾਈ ਜਾਵੇ।
ਕੀ ਕਹਿਣਾ ਹੈ ਵਿਧਾਇਕ ਦਾ- ਇਸ ਸਬੰਧੀ ਜਦੋਂ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਨਾ ਤਾਂ ਕੋਈ ਮੰਗ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮੰਗ ਪੱਤਰ ਦਿੱਤਾ ਹੈ।