ਮੋਗਾ, 19 ਜੂਨ ( ਰਾਜਨ ਜੈਨ) -ਬੇਰੋਜ਼ਗਾਰ ਨੌਜਵਾਨਾਂ ਦੀ ਰੋਜ਼ਗਾਰ ਸਬੰਧੀ ਸਹਾਇਤਾ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਪੂਰੀ ਤਰ੍ਹਾਂ ਨਾਲ ਹਰ ਪੱਖੋਂ ਯਤਨਸ਼ੀਲ ਹੈ। ਯੋਗ ਸਿਖਿਆਰਥੀਆਂ ਦੀ ਸਵੈ ਰੋਜ਼ਗਾਰ ਅਪਣਾਉਣ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਵਧੀਆ ਰੋਜ਼ਗਾਰ ਹਾਸਲ ਕਰਵਾਉਣ ਵਿੱਚ ਪ੍ਰਭਾਵਸ਼ਾਲੀ ਮੱਦਦ ਕੀਤੀ ਜਾ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਇਸ ਮੁਹਿੰਮ ਤਹਿਤ ਐਸ.ਐਸ.ਸੀ.ਆਈ. ਰਿਜਨਲ ਟ੍ਰੇਨਿੰਗ ਸੈਂਟਰ ਸਰਹਿੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਪੰਜਾਬ) ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਕੈਂਪ ਲਗਾ ਕੇ ਟ੍ਰੇਨਿੰਗ ਕਰਵਾਈ ਜਾਣੀ ਹੈ। ਉਨ੍ਹਾਂ ਇਨ੍ਹਾਂ ਪਲੇਸਮੈਂਟ-ਕਮ-ਟ੍ਰੇਨਿੰਗ ਕੈਂਪਾਂ ਬਾਰੇ ਜਿਆਦਾ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਜੂਨ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬਾਘਾਪੁਰਾਣਾ ਵਿਖੇ, 22 ਜੂਨ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ, 23 ਜੂਨ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਕੋਟ ਈਸੇ ਖਾਂ ਵਿਖੇ, 26 ਜੂਨ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮੋਗਾ-1 ਵਿਖੇ ਅਤੇ 27 ਜੂਨ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮੋਗਾ-2 ਵਿਖੇ ਇਹ ਕੈਂਪ ਆਯੋਜਿਤ ਕਰਵਾਏ ਜਾ ਰਹੇ ਹਨ।
ਉਨ੍ਹਾਂ ਚਾਹਵਾਨ ਯੋਗ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਪ੍ਰਾਰਥੀ ਆਪਣਾ ਰਜਿਊਮ ਅਤੇ ਆਪਣੇ ਜਰੂਰੀ ਦਸਤਾਵੇਜ਼ਾਂ ਸਮੇਤ ਹੀ ਉਕਤ ਮਿਤੀਆਂ ਨੂੰ ਉਕਤ ਸਥਾਨਾਂ ਉੱਪਰ ਪਹੁੰਚਣਾ ਯਕੀਨੀ ਬਣਾਉਣ।