ਲੁਧਿਆਣਾ, 19 ਜੂਨ ( ਬੌਬੀ ਸਹਿਜਲ, ਧਰਮਿੰਦਰ)-48ਵੀਂ ਪੰਜਾਬ ਸਬ-ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦੀ ਵਿਜੇਤਾ ਲੁਧਿਆਣਾ ਬਾਸਕਟਬਾਲ ਅਕੈਡਮੀ ਰਹੀ। 15 ਤੋਂ 18 ਜੂਨ ਨੂੰ ਕਿਰਪਾਲ ਸਾਗਰ ਅਕੈਡਮੀ ਵਿਖੇ ਖੇਡੀ ਗਈ ਇਹ ਪ੍ਰਤੀਯੋਗਤਾ ਨਾਕ-ਆਊਟ-ਕਮ-ਲੀਗ ਬੇਸ ਤੇ ਬਾਸਕਟਬਾਲ ਫੇਡਰੈਸ਼ਨ ਦੇ ਨਿਯਮਾਂ ਤਹਿਤ ਖੇਡੀ ਗਈ। 18 ਜੂਨ ਨੂੰ ਇਸ ਪ੍ਰਤੀਯੋਗਤਾ ਦੇ ਅੰਤਿਮ ਲੀਗ ਮੁਕਾਬਲੇ ਖੇਡੇ ਗਏ। ਇਸ ਦੇ ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ ਚਾਹਲ ਕਮਿਸ਼ਨਰ ਆਫ ਪੁਲੀਸ, ਜਲੰਧਰ ਨੇ ਸ਼ਿਰੱਕਤ ਕੀਤੀ। ਪਰਮਿੰਦਰ ਸਿੰਘ ਹੀਰ ਅਧਛ (ਫ) ਜਲੰਧਰ ਇਸ ਦੇ ਗੈਸਟ ਆਫ ਆਨਰ ਰਹੇ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸਕੈਟਰੀ ਸ੍ਰ. ਤੇਜਾ ਸਿੰਘ ਜੀ ਧਾਲੀਵਾਲ ਦੀ ਦਿਸ਼ਾ ਨਿਰਦੇਸ਼ਾਂ ਅਧੀਨ ਸਮੁੱਚਾ ਟੂਰਨਾਮੈਂਟ ਨੇਪਰੇ ਚਾੜਿਆ।
18 ਜੂਨ ਦੇ ਅੰਤਿਮ ਲੀਗ ਮੁਕਾਬਲਿਆਂ ਅੰਦਰ ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਦਾ ਮੁਕਾਬਲਾ ਜਲੰਧਰ ਦੀ ਟੀਮ ਨਾਲ ਹੋਇਆ। ਜਿਸ ਦੀ ਜੇਤੂ ਜਲੰਧਰ ਦੀ ਟੀਮ ਰਹੀ। ਜਲੰਧਰ ਦੀ ਟੀਮ ਦੀ ਇੱਕ ਵਿਸ਼ੇਸ਼ ਗੱਲ, ਇਸ ਟੀਮ ਦੀਆਂ 12 ਖਿਡਾਰਨਾਂ ਵਿੱਚੋਂ 11 ਖਿਡਾਰਨਾਂ ਬਾਹਰਲੇ ਸੂਬੇ ਯੂ.ਪੀ., ਬਿਹਾਰ ਤੋਂ ਪੰਜਾਬ ਆਏ ਪ੍ਰਵਾਸੀ ਮਜ਼ਦੂਰਾਂ/ਕਾਮਿਆਂ ਦੀਆਂ ਬੱਚੀਆਂ ਹਨ।
ਅੰਤਿਮ ਲੀਗ ਮੁਕਾਬਲਾ ਮੋਹਾਲੀ ਦੀ ਟੀਮ ਦਾ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਨਾਲ ਹੋਇਆ। ਇਸ ਦੀ ਜੇਤੂ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਰਹੀ। ਮੈਡਮ ਸਲੋਨੀ ਦੀ ਅਗਵਾਈ ਹੇਠ ਖਿਡਾਰਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ।
ਲੜਕਿਆਂ ਦੇ ਵਰਗ ਵਿੱਚ ਬਠਿੰਡਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਤਿਮ ਮੁਕਾਬਲਾ ਪਹਿਲੀ ਤੇ ਦੂਸਰੀ ਪੁਜੀਸ਼ਨ ਲਈ ਮੋਹਾਲੀ ਤੇ ਲੁਧਿਆਣਾ ਬਾਸਕਟਬਾਲ ਅਕੈਡਮੀ ਦਰਮਿਆਨ ਹੋਇਆ। ਪਹਿਲੇ ਦੋ ਕੁਆਟਰ ਤੀਕ ਮੋਹਾਲੀ ਅੱਗੇ ਰਿਹਾ। ਉਹਨਾਂ ਨੇ 36-30 ਦੀ ਲੀਡ ਬਣਾਈ। ਅਗਲੇ ਹੀ ਪਲਾਂ ਦੌਰਾਨ ਉਹਨਾਂ ਦੇ ਇੱਕ ਖਿਡਾਰੀ ਦੀ ਗ਼ਲਤੀ ਨਾਲ ਉਹਨਾਂ ਨੂੰ ਬਾਕੀ ਮੈਚ 4 ਖਿਡਾਰੀਆਂ ਨਾਲ ਖੇਡਣਾ ਪਿਆ। ਅੰਤਿਮ ਵਿਸਲ ਵੱਜਣ ਵੇਲੇ 47-44 ਨਾਲ ਲੁਧਿਆਣਾ ਬਾਸਕਟਬਾਲ ਅਕੈਡਮੀ ਜਿੱਤ ਪ੍ਰਾਪਤ ਕਰ ਟਰਾਫੀ ਤੇ ਕਾਬਜ਼ ਹੋ ਗਈ।ਇਨਾਮ ਵੰਡ ਸਮਾਰੋਹ ਦੇ ਮੁੱਖ-ਮਹਿਮਾਨ ਮਾਣਯੋਗ ਕੁਲਦੀਪ ਸਿੰਘ ਚਾਹਲ ੀਫਸ਼ (ਕਮਿਸ਼ਨਰ ਆਫ ਪੁਲੀਸ, ਜਲੰਧਰ) ਤੇ ਮਾਣਯੋਗ ਪਰਮਿੰਦਰ ਸਿੰਘ ਹੀਰ ਅਧਛ (ਫ) ਜਲੰਧਰ ਨੇ ਆਪਣੇ ਕਰ ਕਮਲ ਨਾਲ ਖਿਡਾਰੀਆਂ ਨੂੰ ਮੈਡਲ, ਸ਼ੀਲਡਾਂ, ਟਰਾਫੀ, ਕਿੱਟ, ਬਾਸਕਟਬਾਲ ਇਤਿ ਆਦਿ ਵੰਡੇ। ਉਹਨਾਂ ਦੇ ਨਾਲ ਸੈਕਟਰੀ ਤੇਜਾ ਸਿੰਘ ਧਾਲੀਵਾਲ, ਬਾਸਕਟਬਾਲ ਫੈਡਰੇਸ਼ਨ ਦੇ ਅਧਿਕਾਰੀ, ਕਿਰਪਾਲ ਸਾਗਰ ਅਕੈਡਮੀ ਦੇ ਪ੍ਰਿੰਸੀਪਲ ਮਿਸਟਰ ਗੁਰਜੀਤ ਸਿੰਘ, ਸੰਸਥਾ ਸੈਕਟਰੀ ਡਾ. ਜਸਬੀਰ ਸਿੰਘ ਚਾਵਲਾ, ਪ੍ਰਬੰਧਕ ਕੈਪਟਨ ਗੁਰਦੇਵ ਸਿੰਘ, ਮਿਸਟਰ ਅਸ਼ੋਕ ਰੈਨਾ, ਡਾ. ਐਮ. ਕੇ. ਅਗਰਵਾਲ, ਮਿਸਟਰ ਮੁਰਲੀਧਰਨ ਇਤਿ ਆਦਿ ਸਨ।
ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਮਾਣਯੋਗ ਸਰਦਾਰ ਕੁਲਦੀਪ ਸਿੰਘ ਚਾਹਲ ੀਫਸ਼, ਕਮਿਸ਼ਨਰ ਆਫ ਪੁਲੀਸ ਜਲੰਧਰ ਨੇ ਵਿਦਿਆਰਥੀਆਂ/ਖਿਡਾਰੀਆਂ ਦੇ ਨਾਮ ਆਪਣੇ ਸੁਨੇਹੇ ਵਿੱਚ ਕਿਹਾ, “ਤੁਸੀਂ ਸਾਡਾ ਉਹ ਭਵਿੱਖ ਹੋ ਜਿਸ ਤੇ ਸਾਨੂੰ ਮਾਣ ਹੈ। ਤੁਹਾਡੇ ਹੱਥ ਵਿੱਚ ਜੋ ਕੁੱਝ ਅਸੀਂ ਪਕੜਾਵਾਂਗੇ, ਤੁਸੀਂ ਉਹ ਹੀ ਵਰਤੋਗੇ। ਤੁਹਾਡੇ ਹੱਥ ਕਿਤਾਬ ਤੇ ਬਾਲ ਹੋਣ, ਤੁਹਾਡੇ ਮਨ ਅੰਦਰ ਰੋਸ਼ਨੀ ਹੋਵੇ, ਤੁਹਾਡੇ ਬੋਲਾਂ ਅੰਦਰ ਤਾਕਤ ਹੋਵੇ। ਤੁਹਾਡੇ ਘਰ, ਚੌਗਿਰਦੇ ਅੰਦਰ ਨਸ਼ਾ ਨਾ ਹੋਵੇ। ਜਿੱਥੇ ਹੋਵੇ ਉਸ ਨੂੰ ਬਾਹਰ ਸੁੱਟ ਦਿਓ। ਨਸ਼ਿਆਂ ਤੋਂ ਰਹਿਤ ਪੰਜਾਬ, ਨਸ਼ਿਆਂ ਤੋਂ ਮੁੱਕਤ ਬਚਪਨ, ਜਵਾਨੀ ਇਹੋ ਮੇਰਾ ਸੰਦੇਸ਼ ਹੈ, ਹਰ ਘਰ ਹਰ ਮਨ ਅੰਦਰ ਨਸ਼ਾ ਵਿਰੋਧੀ ਚੇਤਨਾ ਜਾਗਰੂਕ ਹੋਵੇ। ਤੁਸੀਂ ਹੀ ਹੋ ਜੋ ਇਸ ਪੰਜਾਬ ਦੀ ਆਸ ਹੋ। ਹੋਰ ਹੰਭਲੇ ਮਾਰੋ, ਸਾਡੀਆਂ ਕੋਸ਼ਿਸ਼ਾਂ ਤੁਹਾਨੂੰ ਹਰ ਪਲ ਅੱਗੇ ਲਿਜਾਣ ਦੀਆਂ ਹਨ।”
ਯੋਰਪ ਤੋਂ ਆਪਣੇ ਸੁਨੇਹੇ ਵਿੱਚ ਕਿਰਪਾਲ ਸਾਗਰ ਦੇ ਚੇਅਰਮੈਨ ਡਾ. ਕਰਮਜੀਤ ਸਿੰਘ ਜੀ ਨੇ ਕਿਹਾ, “ਅਸੀਂ ਸਦਾ ਵਚਨਬੱਧ ਹਾਂ। ਖੇਡਾਂ ਪ੍ਰਤੀ ਜੋ ਵੀ ਯੋਗਦਾਨ ਪੰਜਾਬ ਸਰਕਾਰ ਜਾਂ ਹੋਰ ਕੋਈ ਵੀ ਸੰਸਥਾ ਯੂਨਿਟੀ ਆਫ ਮੈਨ ਤੋਂ ਮੰਗਦੀ ਹੈ, ਅਸੀਂ ਉਸ ਨੂੰ ਪੂਰਾ ਕਰਨ ਦਾ ਵਚਨ ਦਿੰਦੇ ਹਾਂ। ਇਹ ਕੱਲ ਦੇ ਸੂਰਜ ਸਾਡੇ ਆਸਮਾਨ ਦੇ ਉਹ ਹੀਰੇ ਹਨ ਜਿਹੜੇ ਹਰ ਪਲ ਰੋਸ਼ਨ ਰਹਿਣੇ ਚਾਹੀਦੇ ਹਨ।”ਮੁੱਖ ਮਹਿਮਾਨ ਤੇ ਹੋਰ ਮੈਨਜਮੈਂਟ ਵਲੋਂ ਕੋਚ ਸਾਹਿਬਾਨ, ਰੈਫਰੀ, ਆਫੀਸ਼ਲਸ ਤੇ ਖ਼ਾਸ ਪ੍ਰਾਹੁਣਿਆਂ ਨੂੰ ਮੋਮੈਂਟੋ, ਕਿਤਾਬਾਂ, ਕਿੱਟ, ਨਕਦ ਰਾਸ਼ੀ ਮਾਣਯੋਗ ਤੇਜਾ ਸਿੰਘ ਧਾਲੀਵਾਲ ਤੇ ਬਾਸਕਟਬਾਲ ਫੈਡਰੇਸ਼ਨ ਅਧਿਕਾਰੀਆਂ ਨੇ ਦਿੱਤੇ। ਕਿਰਪਾਲ ਸਾਗਰ ਵਲੋਂ ਸੈਕਟਰੀ ਚਾਵਲਾ ਸਰ ਤੇ ਕੈਪਟਨ ਗੁਰਦੇਵ ਸਿੰਘ ਨੇ ਕਿਤਾਬਾਂ ਦੇ ਸੈੱਟ ਮੁੱਖ-ਮਹਿਮਾਨ ਨੂੰ ਭੇਂਟ ਕੀਤੇ।ਇਸ ਟੂਰਨਾਮੈਂਟ ਦਾ ਇੱਕ ਹੋਰ ਵਿੱਲਖਣ ਪਹਿਲੂ ਇਸ ਦੇ ਲਾਈਵ ਟੈਲੀਕਾਸਟ ਦਾ ਹੈ। ਮਿਸਟਰ ਸੈਂਡੀ ਸਿੰਘ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਇਸ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਕਰਦਾ ਰਿਹਾ। ਮਿਸਟਰ ਸੈਂਡੀ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਜਨਰਲ ਸੈਕਟਰੀ ਤੇਜਾ ਸਿੰਘ ਧਾਲੀਵਾਲ ਵਲੋਂ ਵਿਸ਼ੇਸ਼ ਲੋਈਆਂ ਨਾਲ ਮੁੱਖ ਪ੍ਰਾਹੁਣਿਆਂ ਨੂੰ ਨਿਵਾਜਿਆ ਗਿਆ। ਪ੍ਰੈੱਸ ਅਧਿਕਾਰੀ ਬ੍ਰਿਜ ਭੂਸ਼ਨ ਗੋਇਲ, ਕੁਮੈਂਟੇਟਰ, ਆਤਮ ਪ੍ਰਕਾਸ਼ ਸਿੰਘ, ਮਿਸਟਰ ਗਿੱਲ, ਵਰਿੰਦਰ ਮੋਹਨ ਸਮੁੱਚੇ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ। ਹਰ ਪਲ ਦੀ ਰਿਪੋਰਟ ਦਿੰਦੇ ਰਹੇ। ਰਿਹਾਇਸ਼ ਤੇ ਖਾਣੇ ਦੀ ਜ਼ਿੰਮੇਵਾਰੀ ਯੂਨਿਟੀ ਆਫ ਮੈਨ (ਰਜਿ.) ਕਿਰਪਾਲ ਸਾਗਰ ਨੇ ਪੂਰੀ ਤਨ ਦੇਹੀ ਨਾਲ ਨਿਭਾਈ। ਮੈਡੀਕਲ ਸਹੂਲਤਾਂ ਲਈ ਕਿਰਪਾਲ ਚੈਰੀਟੇਬਲ ਹਸਪਤਾਲ ਹਰ ਪਲ ਹਾਜ਼ਰ ਰਿਹਾ।ਹੋਰ ਪਤਵੰਤਿਆਂ ‘ਚ ਸੁਖਵਿੰਦਰ ਸਿੰਘ ਧਾਵਾ, ਇੰਸਪੈਕਟਰ ਨਰਿੰਦਰ ਸਿੰਘ, ਮਾਸਟਰ ਰੇਸ਼ਮ ਸਿੰਘ, ਪ੍ਰੋ. ਮਨਦੀਪ ਕੌਰ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਪ੍ਰੇਮ ਸਿੰਘ ਗਿੱਲ, ਗੁਰਪ੍ਰੀਤ ਗਰਚਾ ਇਤਿ ਆਦਿ ਵਿਸ਼ੇਸ਼ ਹਾਜ਼ਰ ਸਨ। ਸਮੁੱਚਾ ਟੂਰਨਾਮੈਂਟ ਨਵੀਂ ਆਸ, ਨਵੇਂ ਸੂਰਜ ਦਾ ਸੁਨੇਹਾ, ਨਸ਼ਿਆਂ ਨੂੰ ਅਲਵਿਦਾ, ਜ਼ਿੰਦਗੀ ਦੀ ਆਸ ਦਾ ਸੁਨੇਹਾ ਦੇ ਕੇ ਸਮਾਪਤ ਹੋਇਆ।