ਖ਼ਾਲਸਾ ਪਰਿਵਾਰ ਹੋਰ ਵਧੇ ਫੁਲੇ, ਇਹ ਸਾਡੀ ਅਰਦਾਸ ਹੈ: ਪ੍ਰੋ ਜਸੱਲ
ਜਗਰਾਉਂ (ਪ੍ਰਤਾਪ ਸਿੰਘ): ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਖ਼ਾਲਸਾ ਪਰਿਵਾਰ ਵੱਲੋਂ ਖ਼ਾਲਸਾ ਸਾਜਨਾ ਦਿਵਸ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ। ਬਹੁਤ ਹੀ ਸੁੰਦਰ ਸਜੇ ਹੋਏ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਸੈਲੀਬ੍ਰੇਸ਼ਨ ਸਮਾਗਮ ਕੀਤਾ ਗਿਆ। ਸਭ ਤੋਂ ਪਹਿਲਾਂ ‘ਦੇਹ ਸ਼ਿਵਾ ਵਰ ਮੋਹਿ ਇਹੈ’ ਸ਼ਬਦ ਦਾ ਗਾਇਨ ਕਰਦਿਆਂ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਖ਼ਾਲਸਾ ਪਰਿਵਾਰ ਵੱਲੋਂ ਸਲਾਮੀ ਦਿੱਤੀ ਗਈ। ਉਪਰੰਤ ਛੋਟੀ ਬੱਚੀ ਸੱਚਪ੍ਰੀਤ ਕੌਰ ਨੇ ਢੁੱਕਵੀਂ ਕਵਿਤਾ ਪੜ੍ਹੀ। ਗੁਰਪ੍ਰੀਤ ਸਿੰਘ, ਮੈਡਮ ਅਮਰਜੀਤ ਕੋਰ, ਮੈਡਮ ਸੋਨੀਆ ਭੰਡਾਰੀ ਅਤੇ ਅਪਾਰ ਸਿੰਘ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਪਣੇ ਹਲਕੇ ਫੁਲਕੇ ਭਾਸ਼ਣਾਂ ਰਾਹੀਂ ਅੱਜ ਦੇ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ। ਗੋਰਮਿੰਟ ਸਾਇੰਸ ਕਾਲਜ ਦੇ ਸਾਬਕਾ ਡਰੈਕਟਰ ਪ੍ਰੋ ਮਹਿੰਦਰ ਸਿੰਘ ਜਸੱਲ ਨੇ ਸਮੂਹ ਖ਼ਾਲਸਾ ਪਰਿਵਾਰ ਦੇ ਮੈਂਬਰਾਂ, ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਸਾਨੂੰ ਅੱਜ ਦੇ ਦਿਵਸ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਹੜੀ ਕੌਮ ਖੰਡੇ ਦੀ ਧਾਰ ਵਿੱਚੋਂ ਨਿਕਲੀ ਹੈ ਪਰ ਅਸੀਂ ਤਾਂ ਆਪਣੇ ਦਿਵਸ ਨੂੰ ਵੀ ਭੁੱਲ ਬੈਠੇ ਹਾਂ, ਅਸੀਂ ਬਾਕੀ ਤਿਉਹਾਰਾਂ ਨੂੰ ਤਾਂ ਬੜੇ ਚਾਵਾਂ ਮਲ੍ਹਾਰਾਂ ਨਾਲ ਮਨਾਉਂਦੇ ਹਾਂ, ਪਟਾਕੇ ਚਲਾਉਂਦੇ ਹਾਂ ਰੰਗੀਨੀਆਂ ਚ ਡੁੱਬਦੇ ਹਾਂ ਪਰ ਆਪਣੇ ਦਿਵਸ ਨੂੰ ਪਤਾ ਨਹੀਂ ਕਿੱਧਰ ਗੁਆਚ ਜਾਂਦੇ ਹਾਂ। ਉਨ੍ਹਾਂ ਦੁਆ ਕੀਤੀ ਕਿ ਖ਼ਾਲਸਾ ਪਰਿਵਾਰ ਹੋਰ ਵਧੇ ਫੁੱਲੇ ਤੇ ਖੁਸ਼ਹਾਲ ਹੋਵੇ ਤਾਂ ਕਿ ਆਪਣੇ ਜਨਮ ਦਿਹਾੜੇ ਨੂੰ ਧੂਮ ਧਾਮ ਤੇ ਜਾਹੋ ਜਲਾਲ ਨਾਲ ਮਨਾਉਂਦਾ ਰਹੇ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚ ਜਾ ਰਹੇ ਸਾਡੇ ਬੱਚਿਆਂ ਦੀ ਦੂਜੀ ਪੀੜ੍ਹੀ ਆਪਣੇ ਅਤੀਤ ਨੂੰ ਭੁੱਲ ਜਾਵੇਗੀ ਉਸ ਲਈ ਸਾਨੂੰ ਆਪਣਾ ਵਿਰਸਾ ‘ਊੜਾ ਤੇ ਜੂੜਾ’ ਸੰਭਾਲਣਾ ਚਾਹੀਦਾ ਹੈ। ਸਾਨੂੰ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਚ ਗੱਲਬਾਤ ਕਰਨੀ ਚਾਹੀਦੀ ਹੈ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ। ਖ਼ਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਸਟੇਜ ਸੰਚਾਲਨ ਕਰਦਿਆਂ ਆਖਿਆ ਕਿ ਖ਼ਾਲਸਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਗਿਣਤੀ ਤੇ ਵੱਡਾ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਖ਼ਾਲਸਾ ਪਰਿਵਾਰ ਆਪਣੇ ਵਿਰਸੇ ਪ੍ਰਤੀ ਚੇਤੰਨ ਹੈ ਤੇ ਅੱਜ ਦੇ ਦਿਹਾੜੇ ਤੇ ਮਾਣ ਮਹਿਸੂਸ ਕਰਦਿਆਂ ਖੂਬ ਜਾਹੋ ਜਲਾਲ ਨਾਲ ਇਹ ਦਿਹਾੜਾ ਮਨਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਵੀ ਇਸ ਦਿਨ ਨੂੰ ‘ਖਾਲਸਾ ਡੇ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਮੇਂ ਸਿਰ ਆਉਣ ਵਾਲੇ, ਖ਼ਾਲਸਾਈ ਪਹਿਰਾਵੇ ਵਾਲੇ ਤੇ ਪਰਿਵਾਰ ਦੇ ਵੱਡੀ ਗਿਣਤੀ ਵਿੱਚ ਪਰਿਵਾਰ ਦੇ ਮੈਬਰਾਂ ਦੇ ਪਹੁੰਚਣ ਤੇ ਇਨਾਮ ਦਿੱਤੇ ਗਏ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਂ ਨੂੰ ਪਰਿਵਾਰਾਂ ਸਮੇਤ ਸਨਮਾਨਿਆ ਵੀ ਗਿਆ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਭਜਨਗਡ਼੍ਹ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਚਰਨਜੀਤ ਸਿੰਘ ਚੀਨੂੰ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਪ੍ਰਿਥਵੀਪਾਲ ਸਿੰਘ ਚੱਢਾ, ਪ੍ਰੋ ਮਹਿੰਦਰ ਸਿੰਘ ਜੱਸਲ, ਜਤਿੰਦਰਪਾਲ ਸਿੰਘ ਜੇਪੀ, ਚਰਨਜੀਤ ਸਿੰਘ ਪੱਪੂ, ਹਰਦੇਵ ਸਿੰਘ ਬੌਬੀ, ਅਮਰੀਕ ਸਿੰਘ ਜਨਤਾ ਮੋਟਰ, ਦੀਪਇੰਦਰ ਸਿੰਘ ਭੰਡਾਰੀ, ਇਕਬਾਲ ਸਿੰਘ ਨਾਗੀ, ਰਵਿੰਦਰਪਾਲ ਸਿੰਘ ਮੈਦ ਆਦਿ ਹਾਜ਼ਰ ਸਨ। ਸਮਾਪਤੀ ਉਪਰੰਤ ਸੰਗਤਾਂ ਨੇ ਗੁਰੂ ਕਾ ਲੰਗਰ ਵੀ ਛਕਿਆ।