ਲੁਧਿਆਣਾ 24 ਮਈ ( ਵਿਕਾਸ ਮਠਾੜੂ)-ਨਿਰੰਤਰ ਜਗਦੀ ਤੇ ਮਘਦੀ ਜੋਤ ਦਾ ਨਾਮ ਸੀ ਪ੍ਰੋ. ਪਿਆਰਾ ਸਿੰਘ ਭੋਗਲ, ਜਿੰਨ੍ਹਾਂ ਨੇ ਸਾਹਿੱਤ ਸਿਰਜਣਾ, ਪੱਤਰਕਾਰੀ, ਸਾਹਿੱਤ ਅਧਿਆਪਕ ਤੇ ਸਿੱਖਿਆ ਅਦਾਰੇ ਸਥਾਪਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਜਲੰਧਰ ਵਿੱਚ ਪ੍ਰੋ ਰਿਆਰਾ ਸਿੰਘ ਭੋਗਲ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਾਡੇ ਸਭ ਲਈ ਵੱਡੀ ਪ੍ਰੇਰਨਾ ਦਾ ਸੋਮਾ ਸਨ। ਜਲੰਧਰ ਵਿੱਚ ਉਨ੍ਹਾਂ ਦੇ ਯੂਨੀਵਰਸਲ ਕਾਲਿਜ ਪੱਕਾ ਬਾਗ ਵਿੱਚ ਉਨ੍ਹਾਂ ਨਾਲ 1975-76 ਕੋਂ ਲਗਾਤਾਰ ਗੁਜ਼ਾਰੇ ਪਲ ਹਮੇਸ਼ਾਂ ਚੇਕਿਆਂ ਚ ਵੱਸਦੇ ਰਹਿਣਗੇ। ਉਹ ਬਾਬਾ ਗੁਰਬਖ਼ਸ਼ ਸਿੰਘ ਬੰਨੋਆਣਾ ਤੇ ਜਗਦੀਸ਼ ਸਿੰਘ ਵਰਿਆਮ ਨਾਲ ਮਿਲ ਕੇ ਸਿਰਫ਼ ਜਲੰਧਰ ਦੀ ਹੀ ਨਹੀਂ ਸਗੋਂ ਪੂਰੇ ਪੰਜਾਬ ਦੀ ਸਾਹਿੱਤਕ ਸਰਗਰਮੀ ਨੂੰ ਲੰਮਾ ਸਮਾਂ ਦਿਸ਼ਾ ਨਿਰਦੇਸ਼ ਦਿੰਦੇ ਰਹੇ ਹਨ। ਇਸੇ ਕਾਫ਼ਲੇ ਵਿੱਚ ਮਗਰੋਂ ਵਰਿਆਮ ਸਿੰਘ ਸੰਧੂ ਤੇ ਡਾਃ ਲਖਵਿੰਦਰ ਜੌਹਲ ਸ਼ਾਮਲ ਹੋ ਕੇ ਜਲੰਧਰ ਦੇ ਨਾਲ ਨਾਲ ਗਲੋਬਲ ਪਛਾਣ ਵਾਲੇ ਚਿਹਰੇ ਬਣੇ। ਮੈਨੂੰ ਮਾਣ ਹੈ ਕਿ ਮੈਂ ਵੀ ਉਨ੍ਹਾਂ ਦਾ ਪਿਆਰ ਪਾਤਰ ਰਿਹਾ ਹਾਂ। ਉਨ੍ਹਾਂ ਦੇ ਪੜ੍ਹਾਏ ਅਨੇਕਾਂ ਵਿਦਿਆਰਥੀ ਪੰਜਾਬੀ ਸਾਹਿੱਤ ਸਿਰਜਣ,ਅਧਿਆਪਨ ਤੇ ਪੱਤਰਕਾਰੀ ਦੇ ਖੇਤਰ ਵਿੱਚ ਵੱਡੇ ਨਾਮ ਬਣੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਤਰਨਜੀਤ ਸਿੰਘ ਕਿੰਨੜਾ ਸੰਪਾਦਕ ਸੰਗੀਤ ਦਰਪਨ,ਪੰਜਾਬੀ ਕਵੀ ਡਾ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਰਾਜਬੀਰ ਸਿੰਘ ਤੂਰ, ਪ੍ਰਭਜੋਤ ਸਿੰਘ ਸੋਹੀ,ਸਹਿਜਪ੍ਰੀਤ ਸਿੰਘ ਮਾਂਗਟ ਤੇ ਅਮਨਦੀਪ ਸਿੰਘ ਫੱਲ੍ਹੜ ਨੇ ਡੂੰਘੇ ਅਫ਼ਸੋਸ ਦੀ ਪ੍ਰਗਟਾਵਾ ਕੀਤਾ ਹੈ। ਪ੍ਰੋ.ਪਿਆਰਾ ਸਿੰਘ ਭੋਗਲ ਦਾ ਜਨਮ 14 ਅਗਸਤ 1931 ਨੂੰ ਪਿੰਡ ਪਲਾਹੀ, (ਫਗਵਾੜਾ)ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ ਸੀ। ਇਸੇ ਪਿੰਡ ਦੇ ਵਿਕਾਸ ਲਈ ਉਨ੍ਹਾਂ ਜਗਤ ਸਿੰਘ ਪਲਾਹੀ ਦੀ ਅਗਵਾਈ ਹੇਠ ਗੁਰੂ ਨਾਨਕ ਕਾਲਿਜ ਸੁਖਚੈਨਆਣਾ ਸਾਹਿਬ ਤੇ ਹੋਰ ਵਿਦਿਅਕ ਅਦਾਰਿਆਂ ਦੀ ਸਥਾਪਨਾ ਕਰਵਾਈ। ਉਹ ਲੰਮਾ ਸਮਾਂ ਇਨ੍ਹਾਂ ਸੰਸਥਾਵਾਂ ਦੇ ਸਕੱਤਰ ਵੀ ਰਹੇ। ਪ੍ਰੋ. ਭੋਗਲ ਨੇ ਪੰਜਾਬੀ ਸਾਹਿਤ ਦਾ ਇਤਿਹਾਸ 1969 ਵਿੱਚ ਲਿਖਿਆ ਜਿਸ ਨੂੰ ਪੜ੍ਹ ਕੇ ਮੇਰੇ ਵਰਗੇ ਹਜ਼ਾਰਾਂ ਵਿਦਿਆਰਥੀਆਂ ਨੇ ਐੱਮ ਏ ਪਾਸ ਕੀਤੀ। ਉਨ੍ਹਾਂ ਦੀਆਂ ਮੌਲਿਕ ਪੁਸਤਕਾਂ
ਹਾਵ ਭਾਵ (ਕਹਾਣੀਆਂ)ਅਜੇ ਤਾਂ ਮੈਂ ਜਵਾਨ ਹਾਂ (ਕਹਾਣੀਆਂ)ਪਹਿਲੀ ਵਾਰ (ਕਹਾਣੀਆਂ) ਸਿਧ-ਪੁੱਠ,ਨਵਾਂ ਪਿੰਡ
ਪੁਤਲਾ (ਕਹਾਣੀਆਂ) ਮੈਂ ਤੂੰ ਤੇ ਉਹ (ਕਹਾਣੀਆਂ) ,ਅੰਮ੍ਰਿਤਾ ਪ੍ਰੀਤਮ-ਇਕ ਅਧਿਐਨ,ਆਪੇ ਕਾਜ ਸਵਾਰੀਐ
ਕਵੀ ਮੋਹਨ ਸਿੰਘ,ਦਿਨ ਰਾਤ,ਧਨ ਪਿਰ,ਨਵੀਨ ਕਹਾਣੀ
ਨਾਨਕਾਇਣ – ਇੱਕ ਅਧਿਐਨ ਅਤੇ ਪੰਜਾਬੀ ਮਹਾਂ ਕਾਵਿ ਦੀ ਪਰੰਪਰਾ
ਨਾਵਲਕਾਰ ਨਾਨਕ ਸਿੰਘ
ਪੱਛਮੀ ਤੇ ਭਾਰਤੀ ਆਲੋਚਨਾ ਦੇ ਸਿਧਾਂਤ,ਪੰਜਾਬੀ ਕਵਿਤਾ ਦੇ ਸੌ ਸਾਲ (1850-1954)ਪਤਵੰਤੇ
ਪ੍ਰਸਿੱਧ ਕਹਾਣੀਕਾਰ,ਪ੍ਰਸਿਧ ਕਿੱਸਾਕਾਰ
ਲੋਕ ਰਾਜ,ਸਿਆੜ (ਨਾਟਕ)ਸ਼ੇਰ ਦੀ ਸਵਾਰੀ(ਨਾਵਲ) ਪ੍ਰਮੁੱਖ ਹਨ।
ਰੂਸੋ ਦੀ ਲਿਖਤ ਆਪ ਬੀਤੀਆਂ ਦਾ ਵੀ ਉਨ੍ਹਾਂ ਸਰਲ ਅਨੁਵਾਦ ਕੀਤਾ।