ਜਗਰਾਉਂ, 4 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਤਹਿਸੀਲ ਰੋਡ ’ਤੇ ਐਸ.ਡੀ.ਐਮ ਦਫਤਰ ਅਤੇ ਕੋਰਟ ਕੰਪਲੈਕਸ ਦੇ ਸਾਹਮਣੇ ਬਰਾਤੀ ਪਾਣੀ ਦੇ ਜਮਾਂ ਹੋਣ ਕਾਰਨ ਕੁਝ ਦਿਨ ਪਹਿਲਾਂ ਚੌਕੀਮਾਨ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਵਾਲੀ ਥਾਂ ’ਤੇ ਸੜਕ ਤੇ ਜਮਾਂ ਹੋਏ ਪਾਣੀ ਨੂੰ ਮੋਟਰ ਲਗਾ ਕੇ ਛੱਡ ਦਿੱਤਾ ਸੀ ਤਾਂ ਤਹਿਸੀਲ ਕੰਪਲੈਕਸ ਦੇ ਦੁਕਾਨਦਾਰਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਉਸ ਸਮੇਂ ਗੁੱਸੇ ’ਚ ਆਏ ਲੋਕਾਂ ਨੇ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵਿਰੁੱਧ ਪੋਸਟਰ ਵੀ ਚਿਪਕਾਏ ਸਨ। ਇਸ ਤੋਂ ਬਾਅਦ 3 ਅਪ੍ਰੈਲ ਨੂੰ ਫਿਰ ਤੋਂ ਭਾਰੀ ਬਰਸਾਤ ਦਾ ਪਾਣੀ ਜੀ.ਟੀ.ਰੋਡ ’ਤੇ ਜਮ੍ਹਾਂ ਹੋ ਗਿਆ। ਜਿਸ ਕਾਰਨ ਮੰਗਲਵਾਰ ਨੂੰ ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਉਸ ਪਾਣੀ ਨੂੰ ਕੱਢਣ ਲਈ ਤਹਿਸੀਲ ਕੰਪਲੈਕਸ ਦੀ ਪਾਰਕਿੰਗ ’ਚ ਪਾਣੀ ਕੱਢਣਾ ਸ਼ੁਰੂ ਕੀਤਾ ਤਾਂ ਉਥੇ ਮੌਜੂਦ ਦੁਕਾਨਦਾਰਾਂ ਨੇ ਮੌਕੇ ਤੇ ਨਗਰ ਕੌਂਸਲ ਦੇ ਈਓ ਮਨੋਹਰ ਸਿੰਘ ਨੂੰ ਬੁਲਾਇਆ। ਦੁਕਾਨਦਾਰਾਂ ਨੇ ਬਰਸਾਤੀ ਪਾਣੀ ਨੂੰ ਪਾਰਕਿੰਗ ਵਿੱਚ ਛੱਡਣ ਦੀ ਬਜਾਏ ਸੀਵਰੇਜ ਵਿੱਚ ਸੁੱਟਣ ਜਾਂ ਟੈਂਕਰ ਵਿੱਚ ਲਿਜਾਣ ਲਈ ਕਿਹਾ ਅਤੇ ਮੋਟਰ ਬੰਦ ਕਰਵਾ ਦਿੱਤੀ। ਮੌਕੇ ’ਤੇ ਪੁੱਜੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਤਹਿਸੀਲਦਾਰ ਮਨਮੋਹਨ ਸਿੰਘ ਕੌਸ਼ਿਕ ਵੱਲੋਂ ਅਜਿਹਾ ਕਰਨ ਲਈ ਕਿਹਾ ਗਿਆ ਸੀ। ਇਸ ਵਿੱਚ ਉਹ ਸੀਮਤ ਮਾਤਰਾ ਵਿੱਚ ਪਾਣੀ ਛੱਡਣਗੇ ਜੋ ਇਹ ਪਾਣੀ ਦੁਕਾਨਾਂ ਦੇ ਅੰਦਰ ਨਾ ਜਾਵੇ। ਜੇਕਰ ਪਾਣੀ ਦੁਕਾਨਾਂ ਦੇ ਲੈਵਲ ਤੱਕ ਪਹੁੰਚਦਾ ਹੈ ਤਾਂ ਉਹ ਹੋਰ ਜਮ੍ਹਾਂ ਹੋਏ ਪਾਣੀ ਨੂੰ ਟੈਂਕਰਾਂ ਵਿੱਚ ਲੈ ਕੇ ਜਾਣਗੇ। ਉਸ ਦੇ ਕਹਿਣ ’ਤੇ ਵੀ ਦੁਕਾਨਦਾਰਾਂ ਨੇ ਉਸ ਨੂੰ ਪਾਰਕਿੰਗ ਵਿੱਚ ਪਾਣੀ ਨਹੀਂ ਛੱਡਣ ਦਿੱਤਾ।
ਤਹਿਸੀਲਦਾਰ ਨੇ ਕੀਤਾ ਇਨਕਾਰ- ਜਦੋਂ ਇਸ ਸਬੰਧੀ ਤਹਿਸੀਲਦਾਰ ਮਨਮੋਹਨ ਕੌਸ਼ਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਟੋਲ ਪਲਾਜ਼ਾ ਦੇ ਕਿਸੇ ਵੀ ਮੁਲਾਜ਼ਮ ਨੂੰ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਵਿੱਚ ਸੜਕ ’ਤੇ ਖੜ੍ਹੇ ਬਰਸਾਤੀ ਪਾਣੀ ਨੂੰ ਛੱਡਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਕੀ ਕਹਿਣਾ ਹੈ ਈ.ਓ.- ਇਸ ਸਬੰਧੀ ਨਗਰ ਕੌਂਸਲ ਜਗਰਾਉਂ ਦੇ ਈ.ਓ ਮਨੋਹਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦੀ ਸਾਂਭ-ਸੰਭਾਲ ਚੌਕੀਮਾਨ ਸਥਿਤ ਟੋਲ ਪਲਾਜ਼ਾ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਇਸ ਸਬੰਧੀ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸੜਕ ’ਤੇ ਜਮ੍ਹਾਂ ਹੋਏ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਇਸ ਸੜਕ ’ਤੇ ਪੈਂਦੇ ਵੱਡੇ ਨਾਲੇ ਦੀ ਸਫ਼ਾਈ ਕਰਵਾਉਣ ਲਈ ਵੀ ਕਿਹਾ ਸੀ, ਤਾਂ ਜੋ ਇਸ ਸੜਕ ’ਤੇ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਹੋ ਸਕ। ਇਸ ਸਬੰਧੀ ਉਨ੍ਹਾਂ ਨੇ ਇਸ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਭਾਰੀ ਮੀਂਹ ਕਾਰਨ ਸੜਕ ’ਤੇ ਪਾਣੀ ਜਮ੍ਹਾਂ ਹੋ ਗਿਆ ਸੀ। ਜਿਸ ਦੀ ਨਿਕਾਸੀ ਲਈ ਉਨ੍ਹਾਂ ਨੇ ਪਾਰਕਿੰਗ ਵਿੱਚ ਮੋਟਰ ਲਗਾ ਕੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਾਣੀ ਸੀਵਰੇਜ ਦੇ ਚੈਂਬਰ ਵਿੱਚ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਮਿੱਟੀ ਕਾਰਨ ਸੀਵਰੇਜ ਜਾਮ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਉਨ੍ਹਾਂ ਨੂੰ ਇਸ ਬਰਸਾਤੀ ਪਾਣੀ ਨੂੰ ਟੈਂਕਰ ਵਿੱਚ ਪਾ ਕੇ ਕਿਸੇ ਖੁੱਲ੍ਹੀ ਥਾਂ ’ਤੇ ਛੱਡਣ ਲਈ ਕਿਹਾ ਗਿਆ ਹੈ।