ਅੰਮ੍ਰਿਤਸਰ, 30 ਦਸੰਬਰ (ਰਾਜ਼ਨ ਜੈਨ – ਮੁਕੇਸ਼) : ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰਵਾਨਾ ਹੋ ਗਈ ਹੈ। ਪੀਐੱਮ ਮੋਦੀ ਨੇ ਅਯੁੱਧਿਆ ‘ਚ 8 ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵੰਦੇ ਭਾਰਤ ਐਕਸਪ੍ਰੈੱਸ ਨੂੰ ਲੈ ਕੇ ਸ਼ਹਿਰ ਵਾਸੀਆਂ ‘ਚ ਭਾਰੀ ਉਤਸ਼ਾਹ ਹੈ। ਰਵਾਨਗੀ ਤੋਂ ਪਹਿਲਾਂ ਟਰੇਨ ‘ਚ ਸਫਰ ਕਰਨ ਵਾਲੇ ਲੋਕ ਇਸ ਟਰੇਨ ਨਾਲ ਸੈਲਫੀ ਲੈ ਰਹੇ ਸਨ ਤੇ ਇਸ ਪਲ ਨੂੰ ਆਪਣੇ ਮੋਬਾਇਲ ‘ਚ ਕੈਦ ਕਰ ਰਹੇ ਸਨ। ਯਾਤਰੀਆਂ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹ ਉਨ੍ਹਾਂ ਲਈ ਇਤਿਹਾਸਕ ਪਲ ਹੈ। ਉਹ ਪਹਿਲੀ ਵਾਰ ਅਜਿਹੀ ਟਰੇਨ ‘ਚ ਸਫਰ ਕਰ ਰਹੇ ਹਨ। ਟਰੇਨ ਨੂੰ ਲੈ ਕੇ ਜਾਣ ਵਾਲੇ ਟਰੇਨ ਮੈਨੇਜਰ ਦੇ ਨਾਲ ਯਾਤਰੀ ਆਪਣੇ ਮੋਬਾਈਲ ‘ਚ ਫੋਟੋ ਖਿਚਵਾਉਂਦੇ ਨਜ਼ਰ ਆਏ। ਇੰਨਾ ਹੀ ਨਹੀਂ ਹਰ ਵਿਅਕਤੀ ਇਸ ਟਰੇਨ ਨੂੰ ਆਪਣੇ ਮੋਬਾਈਲ ‘ਚ ਕੈਦ ਕਰ ਰਿਹਾ ਸੀ।ਰੇਲਗੱਡੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦਿੱਲੀ ਜ਼ਿਆਦਾ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕਹਾਵਤ ਸੀ ਕਿ ਦਿੱਲੀ ਦੂਰ ਨਹੀਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਦੇ ਭਾਰਤ ਟਰੇਨ ਚਲਾ ਕੇ ਇਸ ਕਹਾਵਤ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਦੇ ਨਾਲ-ਨਾਲ ਅੰਮ੍ਰਿਤਸਰ ਵਾਸੀਆਂ ਨੂੰ ਦਿੱਤਾ ਗਿਆ ਵੱਡਾ ਤੋਹਫਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਹ ਕੀਤਾ। ਮੌਦੀ ਦੀ ਅਗਵਾਈ ‘ਚ ਦੇਸ਼ ਤਰੱਕੀ ਦੇ ਰਾਹ ‘ਤੇ ਹੈ। ਅੱਜ ਦੇਸ਼ ਮਹਾਨ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਦੇ ਚੱਲਣ ਨਾਲ ਲੋਕਾਂ ਦੀ ਯਾਤਰਾ ਆਸਾਨ ਹੋ ਜਾਵੇਗੀ। ਇਸ ਟਰੇਨ ‘ਚ ਸਫਰ ਕਰਕੇ ਯਾਤਰੀ ਹਵਾਈ ਸਫਰ ਵਰਗਾ ਆਨੰਦ ਲੈ ਸਕਣਗੇ।
ਉਦਘਾਟਨੀ ਸਮਾਰੋਹ ‘ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਇਸ ਟਰੇਨ ਨੂੰ ਚਲਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲ ਰਹੀ ਹੈ ਤੇ ਇਸ ਦਾ ਜਲੰਧਰ ‘ਚ ਵੀ ਸਟਾਪੇਜ ਹੋਵੇਗਾ। ਇਹ ਟਰੇਨ ਅੱਜ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਜਲੰਧਰ ਕੈਂਟ ਸਟੇਸ਼ਨ ਪਹੁੰਚੇਗੀ, ਜੋ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਦੇ 6 ਦਿਨ ਚੱਲੇਗੀ ਤੇ ਸਵੇਰੇ 9:12 ਵਜੇ ਸਟੇਸ਼ਨ ‘ਤੇ ਪਹੁੰਚੇਗੀ ਜਿੱਥੇ ਇਸ ਦਾ 2 ਮਿੰਟ ਦਾ ਸਟਾਪੇਜ ਹੋਵੇਗਾ, ਹਾਲਾਂਕਿ ਸ਼ਨੀਵਾਰ ਨੂੰ ਇਹ ਟਰੇਨ ਟ੍ਰਾਇਲ ਬੇਸ ‘ਤੇ ਹੋਣ ਕਾਰਨ ਦੇਰੀ ਨਾਲ ਪਹੁੰਚੇਗੀ।ਇਸ ਨੂੰ 12 ਦੇ ਕਰੀਬ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਜਿਵੇਂ ਹੀ ਰੇਲਗੱਡੀ ਚੱਲਣੀ ਸ਼ੁਰੂ ਹੋਵੇਗੀ, ਕਿਰਾਏ ਦਾ ਐਲਾਨ ਕੀਤਾ ਜਾਵੇਗਾ। ਹੁਣ ਤਕ ਸਿਰਫ ਸ਼ਤਾਬਦੀ ਐਕਸਪ੍ਰੈਸ ਹੀ ਜਲੰਧਰ ਤੋਂ ਨਵੀਂ ਦਿੱਲੀ ਜਾਣ ਵਾਲੀ ਸੁਪਰਫਾਸਟ ਟਰੇਨਾਂ ਵਿੱਚੋਂ ਇੱਕ ਸੀ।