ਬਠਿੰਡਾ (ਰਾਜੇਸ਼ ਜੈਨ ਮੁਕੇਸ਼ ਕੁਮਾਰ ) ਚੰਗੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ ਜਾਣ ਦੀ ਸੁਪਨੇ ਸੰਜੋਈ ਬੈਠੇ ਨੌਜਵਾਨਾਂ ਨਾਲ ਠੱਗੀਆਂ ਵੱਜਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ’ਚ ਸਥਾਨਕ ਸ਼ਹਿਰ ਦੇ ਦੋ ਇਮੀਗ੍ਰੇਸ਼ਨ ਸੈਂਟਰ ਸੰਚਾਲਕਾਂ ਨੇ ਕੈਨੇਡਾ ਭੇਜਣ ਦੇ ਬਹਾਨੇ ਇਕ ਨੌਜਵਾਨ ਤੇ ਲੜਕੀ ਨਾਲ ਕਰੀਬ 25 ਲੱਖ 73 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਬਠਿੰਡਾ ਕੋਲ ਕੀਤੀ ਗਈ ਸੀ। ਪੁਲਿਸ ਕਪਤਾਨ ਦੇ ਹੁਕਮਾਂ ’ਤੇ ਈਓ ਵਿੰਗ ਨੇ ਮਾਮਲੇ ਦੀ ਜਾਂਚ ਕਰ ਕੇ ਦੋਵਾਂ ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਸਮੇਤ ਕੁੱਲ 8 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪਹਿਲੇ ਮਾਮਲੇ ’ਚ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਰਾਮ ਸਿੰਘ ਵਾਸੀ ਪਿੰਡ ਜੈ ਸਿੰਘ ਨੇ ਦੱਸਿਆ ਕਿ ਉਸ ਨੇ ਕੈਨੇਡਾ ਦਾ ਵਰਕ ਪਰਮਿਟ ਲੈਣ ਲਈ ਮਹੇਸ਼ਵਰੀ ਚੌਕ ’ਚ ਸਥਿਤ ਵੀਜ਼ਾ ਐਕਸਪਰਟ ਦੇ ਮਾਲਕ ਨਵਪ੍ਰੀਤ ਸਿੰਘ ਤੇ ਗੁਰਮੇਲ ਸਿੰਘ ਵਾਸੀ ਪਿੰਡ ਸਿਵੀਆਂ ਨਾਲ ਸੰਪਰਕ ਕੀਤਾ।ਉਕਤ ਵਿਅਕਤੀਆਂ ਨੇ ਉਸ ਨੂੰ ਦੱਸਿਆ ਸੀ ਕਿ ਕੈਨੇਡਾ ਦਾ ਵਰਕ ਪਰਮਿਟ ਲੈਣ ਲਈ 24 ਲੱਖ ਰੁਪਏ ਦਾ ਖ਼ਰਚਾ ਆਵੇਗਾ। ਪੀੜਤ ਨੌਜਵਾਨ ਅਨੁਸਾਰ ਉਕਤ ਵਿਅਕਤੀਆਂ ਦੀਆਂ ਗੱਲਾਂ ਦੇ ਝਾਂਸੇ ਵਿਚ ਆ ਕੇ ਉਹ 24 ਲੱਖ ਰੁਪਏ ਦੇਣਾ ਮੰਨ ਗਿਆ ਤੇ ਆਪਣੇ ਦਸਤਾਵੇਜ਼ਾਂ ਸਮੇਤ 4 ਲੱਖ ਰੁਪਏ ਪੇਸ਼ਗੀ ਦੇ ਤੌਰ ’ਤੇ ਦੇ ਦਿੱਤੇ।
ਪੀੜਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਪਹਿਲਾਂ ਉਸ ਨੂੰ ਐੱਲਐੱਮਆਈਏ ਲੈ ਕੇ ਦਿੱਤਾ ਅਤੇ 10 ਲੱਖ ਰੁਪਏ ਹੋਰ ਲੈ ਲਏ। ਜਿਸ ਤੋਂ ਬਾਅਦ ਉਸਦੇ ਪਾਸਪੋਰਟ ’ਤੇ ਜਾਅਲੀ ਮੋਹਰ ਲਗਾ ਦਿੱਤੀ ਤੇ ਕਿਹਾ ਕਿ ਉਸਦਾ ਵੀਜ਼ਾ ਆ ਜਾਵੇਗਾ ਤੇ ਉਹ ਬਾਕੀ 12 ਲੱਖ ਰੁਪਏ ਜਮ੍ਹਾ ਕਰਵਾ ਦੇਵੇ। ਵੀਜ਼ਾ ਆਉਣ ਦੀ ਗੱਲ ਸੁਣ ਕੇ ਉਸ ਨੇ ਬਕਾਇਆ ਰਕਮ ਅਦਾ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਜਦ ਉਸ ਨੇ ਵੀਜ਼ਾ ਚੈੱਕ ਕਰਵਾਇਆ ਤਾਂ ਉਹ ਜਾਆਲੀ ਨਿਕਲਿਆ।
ਜਿਸ ਤੋਂ ਬਾਅਦ ਉਸ ਨੇ ਸੈਂਟਰ ਵਾਲਿਆਂ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ 8 ਲੱਖ 56 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ 15 ਲੱਖ 28 ਹਜ਼ਾਰ ਰੁਪਏ ਵਾਪਸ ਨਾ ਕਰ ਕੇ ਉਸ ਨਾਲ ਠੱਗੀ ਮਾਰ ਲਈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਮੁਲਜ਼ਮ ਨਵਪ੍ਰੀਤ ਸਿੰਘ ਤੇ ਉਸ ਦੇ ਸਾਥੀ ਗੁਰਮੇਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸੇ ਤਰ੍ਹਾਂ ਇਕ ਹੋਰ ਮਾਮਲੇ ਸਬੰਧੀ ਨਿਰਭੈਰ ਸਿੰਘ ਵਾਸੀ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਨੇ ਥਾਣਾ ਸਿਵਲ ਲਾਈਨ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਆਪਣੀ ਲੜਕੀ ਪ੍ਰਦੀਪ ਕੌਰ ਨੂੰ ਕੈਨੇਡਾ ਭੇਜਣ ਲਈ ਇਮੀਗ੍ਰੇਸ਼ਨ ਕੰਪਨੀ ਮੂਵ ਟੂ ਅਬਰੌਡ ਨਾਲ ਸੰਪਰਕ ਕੀਤਾ ਸੀ।
ਪੀੜਤ ਵਿਅਕਤੀ ਅਨੁਸਾਰ ਉਕਤ ਕੰਪਨੀ ਦੇ ਐੱਮਡੀ ਸਮੇਤ ਛੇ ਕਰਮਚਾਰੀਆਂ ਨੇ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਤਰੀਕਾਂ ’ਤੇ ਉਸ ਕੋਲੋਂ 10 ਲੱਖ 45 ਹਜ਼ਾਰ ਰੁਪਏ ਲਏ। ਕੁਝ ਸਮੇਂ ਬਾਅਦ ਉਸ ਦੀ ਲੜਕੀ ਦਾ ਵੀਜ਼ਾ ਰਿਫਿਊਜ਼ਲ ਆ ਗਿਆ। ਪੀੜਤ ਨੇ ਦੱਸਿਆ ਕਿ ਇਮੀਗ੍ਰੇਸ਼ਨ ਸੈਂਟਰ ਵਾਲਿਆਂ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਜੇਕਰ ਕਿਸੇ ਕਾਰਨ ਵੀਜ਼ਾ ਨਹੀਂ ਲੱਗਦਾ ਤਾਂ ਉਹ ਪੂਰੀ ਰਕਮ ਵਾਪਸ ਕਰਨਗੇ, ਇਸ ਲਈ ਜਦੋਂ ਉਹ ਆਪਣੇ ਪੈਸੇ ਵਾਪਸ ਲੈਣ ਲਈ ਕੰਪਨੀ ਦੇ ਬਠਿੰਡਾ ਤੇ ਮੁਹਾਲੀ ਦਫ਼ਤਰ ਗਿਆ ਤਾਂ ਦੋਵੇਂ ਦਫ਼ਤਰਾਂ ਨੂੰ ਜਿੰਦਾ ਲੱਗਾ ਹੋਇਆ ਸੀ ਤੇ ਕੰਪਨੀ ਦੇ ਐੱਮਡੀ ਸਮੇਤ ਕਰਮਚਾਰੀਆਂ ਦੇ ਫੋਨ ਬੰਦ ਆ ਰਹੇ ਸਨ।
ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਇਮੀਗ੍ਰੇਸ਼ਨ ਕੰਪਨੀ ਮੂਵ ਟੂ ਅਬਰੌਡ ਦੇ ਮਾਲਕਾਂ ਰੀਤ ਕੌੜਾ, ਕੁਲਵੀਰ ਕੌੜਾ, ਸਿਮਰਨਜੀਤ ਕੌਰ, ਕਿਰਨ ਬਾਜਵਾ, ਰੀਤਿਕਾ ਤੇ ਗੁਰਦੀਪ ਸਿੰਘ ਵਾਸੀ ਮੁਹਾਲੀ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ