ਪੱਟੀ (ਬੋਬੀ ਸਹਿਜਲ) ਕਾਂਗਰਸ ਪਾਰਟੀ ਨਾਲ ਸਬੰਧਤ ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਦੇ 26 ਸਾਲਾ ਪੁੱਤਰ ਮਲਕੀਤ ਸਿੰਘ ਉਰਫ ਜੱਗੂ ’ਤੇ ਬਾਈਕ ਸਵਾਰ ਚਾਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਜੱਗੂ ਦੇ ਸਿਰ ‘ਤੇ ਲੋਹੇ ਦਾ ਕੜਾ ਲੱਗਾ, ਜਦਕਿ ਪੱਟ ‘ਤੇ ਇਕ ਗੋਲੀ ਵੱਜੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਵਾਸੀ ਪਿੰਡ ਚੂਸਲੇਵੜ ਨੇ ਦੱਸਿਆ ਕਿ ਉਸ ਦਾ ਬੇਟਾ ਮਲਕੀਤ ਸਿੰਘ ਉਰਫ ਜੱਗੂ ਆਪਣੀ ਕਰੇਟਾ ਕਾਰ (ਪੀਬੀ-46-ਏਐਫ-6360) ਧੋਣ ਲਈ ਖੇਮਕਰਨ ਰੋਡ ਸਥਿਤ ਸਰਵਿਸ ਸੈਂਟਰ ਗਿਆ ਸੀ। ਕਾਰ ਧੋਣ ਤੋਂ ਬਾਅਦ ਜੱਗੂ ਵਾਪਸ ਪਿੰਡ ਆ ਰਿਹਾ ਸੀ ਕਿ ਦੁਪਹਿਰ ਸਵਾ ਕੁ ਇਕ ਵਜੇ ਦੇ ਕਰੀਬ ਬਾਈਕ ਸਵਾਰ ਚਾਰ ਵਿਅਕਤੀ ਆਵਾਜ਼ਾਂ ਲਾਉਂਦੇ ਹੋਏ ਤੇਜ਼ ਰਫਤਾਰ ਕਾਰ ਦੇ ਅੱਗੇ ਆਏ ਤੇ ਬਾਈਕ ਰੋਕ ਦਿੱਤੀ।
ਜੱਗੂ ਨੇ ਦੱਸਿਆ ਕਿ ਉਹ ਕਾਰ ਰੋਕ ਕੇ ਅਜੇ ਬਾਹਰ ਨਿਕਲਿਆ ਹੀ ਸੀ ਕਿ ਇਕ ਮੁਲਜ਼ਮ ਨੇ ਉਸ ਦੇ ਸਿਰ ’ਤੇ ਲੋਹੇ ਦਾ ਕੜਾ (ਜੋ ਮੁਲਜ਼ਮ ਨੇ ਹੱਥ ਵਿਚ ਪਾਇਆ ਹੋਇਆ ਸੀ) ਨਾਲ ਵਾਰ ਕਰ ਦਿੱਤਾ। ਜੱਗੂ ਨੇ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਬਾਕੀ ਮੁਲਜ਼ਮਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਕ ਗੋਲੀ ਨੌਜਵਾਨ ਜੱਗੂ ਦੇ ਪੱਟ ਵਿਚ ਲੱਗੀ। ਇਕ ਹੋਰ ਮੁਲਜ਼ਮ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਕਰੇਟਾ ਕਾਰ ਦੀ ਸ਼ੀਸ਼ਾ ਚਕਨਾਚੂਰ ਹੋ ਗਈ। ਮੌਕੇ ’ਤੇ ਮੌਜੂਦ ਜੱਗੂ ਦੇ ਪਿਤਾ ਹਰਜਿੰਦਰ ਸਿੰਘ, ਮਾਤਾ ਸੁਖਵਿੰਦਰ ਕੌਰ, ਭਰਾ ਗੁਰਲਾਲ ਸਿੰਘ ਨੇ ਦੱਸਿਆ ਕਿ ਪੱਟੀ ਇਲਾਕੇ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅਪਰਾਧੀਆਂ ‘ਤੇ ਪੁਲਿਸ ਦਾ ਕੋਈ ਕੰਟਰੋਲ ਨਹੀਂ ਰਿਹਾ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਮੁਲਜ਼ਮਾਂ ਦਾ ਸੁਰਾਗ ਹੱਥ ਲੱਗ ਜਾਵੇਗਾ।