ਤਰਨਤਾਰਨ (ਅਸਵਨੀ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਰੈਸ਼ਿਆਣਾ ਸਥਿਤ ਬਾਬਾ ਹਾਜ਼ੀਸ਼ਾਹ ਦੀ ਦਰਗਾਹ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ 24 ਸਾਲਾ ਨੌਜਵਾਨ ਕਸ਼ਮੀਰ ਸਿੰਘ ਦਾ ਸ਼ੁੱਕਰਵਾਰ ਰਾਤ ਨੂੰ ਪਿੰਡ ਦੇ ਚੌਕ ਵਿਚ ਦਾਤਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਥਾਣਾ ਸਦਰ ਦੀ ਪੁਲਿਸ ਨੇ ਦੋ ਭਰਾਵਾਂ ਤੇ ਉਨ੍ਹਾਂ ਦੇ ਪਿਤਾ ਸਮੇਤ ਛੇ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਥਾਣਾ ਸਦਰ ਅਧੀਨ ਪੈਂਦੇ ਪਿੰਡ ਰੈਸ਼ੀਆਣਾ ਦੇ ਰਹਿਣ ਵਾਲੇ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਚਲਾਉਂਦਾ ਹੈ। ਉਸ ਦਾ ਵੱਡਾ ਭਰਾ ਪ੍ਰੇਮ ਸਿੰਘ ਵੀ ਨਾਲ ਵਾਲੇ ਘਰ ਵਿਚ ਰਹਿੰਦਾ ਹੈ। ਪ੍ਰੇਮ ਸਿੰਘ ਦਾ 24 ਸਾਲਾ ਪੁੱਤਰ ਕਸ਼ਮੀਰ ਸਿੰਘ ਸ਼ੁੱਕਰਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਬਾਬਾ ਹਾਜ਼ੀਸ਼ਾਹ ਜੀ ਦੀ ਦਰਗਾਹ ਵੱਲ ਗਿਆ। ਵਾਪਸੀ ਸਮੇਂ ਕਰੀਬ ਸਾਢੇ 9 ਵਜੇ ਕਸ਼ਮੀਰ ਸਿੰਘ ਨੂੰ ਪਿੰਡ ਦੇ ਚੌਕ ਵਿੱਚ ਕੁਝ ਵਿਅਕਤੀਆਂ ਨੇ ਘੇਰ ਲਿਆ। ਇਨ੍ਹਾਂ ਵਿਚ ਪਿਆਰਾ ਸਿੰਘ, ਲਵਜੀਤ ਸਿੰਘ, ਮਹਿੰਦਰ ਸਿੰਘ ਮਿੰਦੀ, ਉਸ ਦਾ ਪੁੱਤਰ ਅਕਾਸ਼, ਕਰਨ ਕੁਮਾਰ ਵਾਸੀ ਪਿੰਡ ਪੱਖੋਕੇ ਤੇ ਦਿਲਬਾਗ ਸਿੰਘ ਬੱਗੋ ਵਾਸੀ ਚਮਰੰਗ ਰੋਡ ਅੰਮ੍ਰਿਤਸਰ ਸ਼ਾਮਲ ਹਨ। ਮੁਲਜ਼ਮਾਂ ਨੇ ਕਸ਼ਮੀਰ ਸਿੰਘ ’ਤੇ ਦਾਤਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਕਸ਼ਮੀਰ ਸਿੰਘ ਨੂੰ ਸਿਵਲ ਹਸਪਤਾਲ ਤਰਨਤਾਰਨ ਲਿਆਂਦਾ ਗਿਆ। ਐਮਰਜੈਂਸੀ ਵਾਰਡ ‘ਚ ਤਾਇਨਾਤ ਡਾਕਟਰ ਵੱਲੋਂ ਮੁੱਢਲਾ ਇਲਾਜ ਕਰਨ ਤੋਂ ਬਾਅਦ ਨੌਜਵਾਨ ਨੂੰ ਸਿਰ ਵਿਚ ਸੱਟ ਗੰਭੀਰ ਦੱਸਦਿਆਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ