Home Health ਗੰਭੀਰ ਬਿਮਾਰੀਆਂ ਫੈਲਾਉਣ ਲਈ ਕੌਣ ਜਿੰਮੇਵਾਰ, ਹੈਲਪਿੰਗ ਹੈਂਡ, ਨਗਰ ਕੌਂਸਲ ਜਾਂ ਸਿਹਤ...

ਗੰਭੀਰ ਬਿਮਾਰੀਆਂ ਫੈਲਾਉਣ ਲਈ ਕੌਣ ਜਿੰਮੇਵਾਰ, ਹੈਲਪਿੰਗ ਹੈਂਡ, ਨਗਰ ਕੌਂਸਲ ਜਾਂ ਸਿਹਤ ਵਿਭਾਗ?

49
0


ਜਗਰਾਉ (ਜਗਰੂਪ ਸੋਹੀ )-ਸਥਾਨਕ ਅੱਡਾ ਰਾਏਕੋਟ ਚੌਕ ਵਿੱਚ ਨਿੱਜੀ ਸੰਸਥਾ ਹੈਲਪਿੰਗ ਹੈਂਡ ਵੱਲੋਂ ਕੁਝ ਸਮਾਂ ਪਹਿਲਾਂ ਵਾਟਰ ਕੂਲਰ ਲਗਾਇਆ ਗਿਆ ਸੀ। ਸੰਸਥਾ ਵੱਲੋਂ ਵਾਟਰ ਕੂਲਰ ਤਾਂ ਲਗਾਇਆ ਗਿਆ ਪਰ ਇਸ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਾਰਨ ਵਾਟਰ ਕੂਲਰ ਦੇ ਆਲੇ-ਦੁਆਲੇ ਹਰ ਸਮੇਂ ਗੰਦਗੀ ਦਾ ਵੱਡਾ ਢੇਰ ਲੱਗਾ ਰਹਿੰਦਾ ਹੈ ਅਤੇ ਇੱਥੇ ਬਦਬੂ ਆਉਂਦੀ ਰਹਿੰਦੀ ਹੈ ਅਤੇ ਮੱਛਰ ਹਰ ਸਮੇਂ ਵੱਡੀ ਗਿਣਤੀ ਭਿਣਭਿਨਾਉਂਦਾ ਹੋਇਆ ਨਜ਼ਰ ਆਉਂਦਾ ਹੈ। ਇੱਥੇ ਬੱਸ ਅੱਡਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਸਵਾਰੀਆਂ ਵੱਖ-ਵੱਖ ਪਿੰਡਾਂ ਅਤੇ ਵੱਡੇ ਸ਼ਹਿਰਾਂ ਨੂੰ ਜਾਣ ਲਈ ਬੱਸਾਂ ਦਾ ਇੰਤਜ਼ਾਰ ਕਰਦੀਆਂ ਹਨ ਅਤੇ ਉੱਥੇ ਬੈਠਣ ਵਾਲੇ ਗੰਭੀਰ ਬਿਮਾਰੀਆਂ ਨੂੰ ਇਸ ਵਾਟਰ ਕੂਲਰ ਨਾਲ ਫੈਲ ਰਹੀ ਗੰਦਗੀ ਕਾਰਨ ਆਪਣੇ ਘਰਾਂ ਤੱਕ ਲੈ ਜਾਂਦੇ ਹਨ। ਵੱਡੀ ਗੱਲ ਇਹ ਹੈ ਕਿ ਇਹ ਬੱਸ ਅੱਡਾ ਨਗਰ ਕੌਂਸਲ ਵੱਲੋਂ ਐਲਾਨਿਆ ਆਸਰਾ ਘਰ ਹੈ। ਇੱਥੇ ਜਿਨ੍ਹਾਂ ਲੋਕਾਂ ਕੋਲ ਠਹਿਰਨ ਲਈ ਕੋਈ ਥਾਂ ਨਹੀਂ ਹੈ, ਉਹ ਰਾਤ ਨੂੰ ਇਸ ਬੱਸ ਅੱਡੇ ਵਿੱਚ ਆ ਕੇ ਸੌਂ ਜਾਂਦੇ ਹਨ। ਪਿਛਲੇ ਦਿਨੀਂ ਉਕਤ ਵਾਟਰ ਕੂਲਰ ਦੀ ਸਫ਼ਾਈ ਨਾ ਹੋਣ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਸਥਾ ਵੱਲੋਂ ਵਾਟਰ ਕੂਲਰ ਦੀ ਟੈਂਕੀ ਦੀ ਸਫ਼ਾਈ ਕਰਵਾਈ ਗਈ ਪਰ ਫਿਰ ਵੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅੱਡਾ ਰਾਏਕੋਟ ਦੇ ਨਿਵਾਸੀ ਸਮਾਜਸੇਵੀ ਨੀਰਜ ਕੁਮਾਰ ਨੇ ਦੱਸਿਆ ਕਿ ਇਹ ਵਾਟਰ ਕੂਲਰ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਬਿਮਾਰੀਆਂ ਫੈਲਾ ਰਿਹਾ ਹੈ। ਸਬੰਧਤ ਸੰਸਥਾ ਹੈਲਪਿੰਗ ਹੈਡ ਜਾਂ ਨਗਰ ਕੌਂਸਲ ਇਸ ਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੇ, ਨਹੀਂ ਤਾਂ ਇਸ ਨੂੰ ਇੱਥੋਂ ਚੁੱਕ ਲਿਆ ਜਾਵੇ ਕਿਉਂਕਿ ਇਹ ਬੱਸ ਅੱਡਾ 25 ਸਾਲ ਪੁਰਾਣਾ ਹੈ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਦੁਕਾਨਦਾਰ ਲੋਕਾਂ ਦੀ ਸਹੂਲਤ ਲਈ ਆਪਣੀਆਂ ਦੁਕਾਨਾਂ ’ਤੇ ਠੰਡਾ ਪਾਣੀ ਮੁਹੱਈਆ ਕਰਵਾਉਂਦੇ ਹਨ। ਜਿਸ ਨੂੰ ਵੀ ਪਾਣੀ ਪੀਣ ਦੀ ਲੋੜ ਪੈਂਦੀ ਸੀ ਉਹ ਦੁਕਾਨਾਂ ਤੋਂ ਪੀਂਦਾ ਸੀ। ਇਸ ਲਈ ਜੇਕਰ ਇਸ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਤਾਂ ਇਸ ਨੂੰ ਇੱਥੋਂ ਹਟਾ ਦੇਣਾ ਹੀ ਬਿਹਤਰ ਹੈ।
ਨੇੜੇ ਹੀ ਹੈ ਐੰਟੀ ਮਲੇਰੀਆ ਦਫਤਰ-
ਅੱਡਾ ਰਾਏਕੋਟ ਨੇੜੇ ਪੁਰਾਣਾ ਸਿਵਲ ਹਸਪਤਾਲ ਹੈ। ਜਿੱਥੇ ਸਿਹਤ ਵਿਭਾਗ ਦੀ ਐਂਟੀ ਮਲੇਰੀਆ ਟੀਮ ਦਾ ਦਫ਼ਤਰ ਹੈ। ਭਾਵੇਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਸੰਬੰਧੀ ਜਾਗਰੂਕ ਕਰਨ ਲਈ ਹਰ ਰੋਜ਼ ਕਿਤੇ ਨਾ ਕਿਤੇ ਸੈਮੀਨਾਰ ਕਰਵਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਅੱਡਾ ਰਾਏਕੋਟ ਵਿੱਚ ਲੱਗੇ ਇਸ ਵਾਟਰ ਕੂਲਰ ਦੇ ਆਸ-ਪਾਸ ਦੇ ਏਰੀਏ ਵਿੱਚੋਂ ਗੰਦਗੀ ਉੱਪਰ ਹਰ ਸਮੇਂ ਮੰਡਰਾਉਣ ਵਾਲੇ ਮੱਚਰ ਤੋਂ ਹੀ ਵਿਭਾਗ ਦੀ ਕਾਰਗੁਜ਼ਾਰੀ ਦਾ ਪਤਾ ਚੱਲ ਸਕਦਾ ਹੈ। ਇਸ ਸਬੰਧੀ ਜਦੋਂ ਪਹਿਲਾਂ ਖ਼ਬਰ ਪ੍ਰਕਾਸ਼ਿਤ ਹੋਈ ਤਾਂ ਐਂਟੀ ਮਲੇਰੀਆ ਵਿਭਾਗ ਦੀ ਟੀਮ ਜਾਂਚ ਲਈ ਪਹੁੰਚੀ ਅਤੇ ਦਵਾਈ ਦਾ ਛਿੜਕਾਅ ਕਰਨ ਦਾ ਦਾਅਵਾ ਕੀਤਾ ਪਰ ਕੁਝ ਨਹੀਂ ਹੋਇਆ। ਹੁਣ ਜਿੱਥੇ ਮੱਛਰ ਆਸਾਨੀ ਨਾਲ ਡੇਂਗੂ ਅਤੇ ਮਲੇਰੀਆ ਫੈਲਾ ਰਹੇ ਹਨ ਅਤੇ ਸਿਹਤ ਵਿਭਾਗ ਗਹਿਰੀ ਨੀਂਦ ਸੁੱਤਾ ਪਿਆ ਹੈ।
ਕੀ ਕਹਿਣਾ ਹੈ ਈਓ ਦਾ-
ਇਸ ਸਬੰਧੀ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਭਲਕੇ ਇੱਕ ਟੀਮ ਭੇਜ ਦੇਣਗੇ, ਜੋ ਮੌਕਾ ਦੇਖੇਗੀ। ਉਸ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ। ਕਿਸੇ ਨੂੰ ਵੀ ਇਸ ਤਰ੍ਹਾਂ ਲੋਕਾਂ ਵਿਚ ਬੀਮਾਰੀਆਂ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।