ਚੀਮਾ ਮੰਡੀ (ਬੋਬੀ ਸਹਿਜਲ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਚੀਮਾ ਥਾਣੇ ਦਾ ਘਿਰਾਓ ਕੀਤਾ ਗਿਆ। ਘਿਰਾਓ ਦਾ ਕਾਰਨ ਦਸਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਰਟੋਲਾਂ ਦੀ ਧੀ ਸੰਦੀਪ ਕੌਰ ਦਾ ਵਿਆਹ ਨਵੰਬਰ 2022 ‘ਚ ਪਿੰਡ ਸੇਰੋਂ ਵਿਖ਼ੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਹੁਰਾ ਪਰਿਵਾਰ ਨੇ 23 ਮਈ ਦੀ ਰਾਤ ਨੂੰ ਕੁੜੀ ਨੂੰ ਮਾਰ ਦਿੱਤਾ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਬਹੁਤ ਸਾਰਾ ਪੈਸਾ ਖਰਚ ਕਰ ਕੇ ਵਿਆਹ ਕੀਤਾ ਸੀ ਪਰ ਇੰਨਾ ਦਾਜ ਦੇ ਲੋਭੀਆਂ ਨੇ ਉਸ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀ ਲੋਕਾਂ ਨੇ ਮੰਗ ਕੀਤੀ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਇਹ ਧਰਨਾ ਜਾਰੀ ਰਹੇਗਾ। ਧਰਨੇ ਦੌਰਾਨ ਮ੍ਰਿਤਕ ਲੜਕੀ ਦੀ ਲਾਸ਼ ਵੀ ਰੱਖੀ ਹੋਈ ਸੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਵੀ ਹਾਜ਼ਰ ਸਨ। ਧਰਨੇ ਦੌਰਾਨ ਮ੍ਰਿਤਕ ਲੜਕੀ ਦੇ ਪਰਿਵਾਰ ਤੋਂ ਇਲਾਵਾ ਭਾਕਿਯੂ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਅਜੈਬ ਜਖੇਪਲ,ਗੋਬਿੰਦ ਸਿੰਘ ਚੱਠਾ,ਗੁਰਦੀਪ ਛਾਜਲਾ,ਮੱਖਣ ਰਟੋਲਾਂ,ਗੁਰਸਗਨਦੀਪ ਰਟੋਲਾਂ, ਰਣਦੀਪ ਕੌਰ ਰਟੋਲਾਂ,ਸੁਖਵਿੰਦਰ ਕੌਰ ਚੱਠਾ (ਡਕੌਂਦਾ ਗਰੁੱਪ) ਦੇ ਗੁਰਦਾਸ ਸਿੰਘ,ਦਰਸ਼ਨ ਸਿੰਘ,ਕਾਲਾ ਸਿੰਘ ਹਾਜ਼ਰ ਸਨ।ਖਬਰ ਲਿਖਣ ਤਕ ਧਰਨਾ ਜਾਰੀ ਸੀ।