ਅਹਿਮਦਾਬਾਦ ,25 ਅਪ੍ਰੈਲ ( ਬਿਊਰੋ)-:ਗੁਜਰਾਤ ਤੱਟੀ ਰੱਖਿਅਕ ਦਲ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਕਿਸ਼ਤੀ ਨੂੰ ਜ਼ਬਤ ਕੀਤਾ ਹੈ ਜਿਸ ਵਿਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 280 ਕਰੋੜ ਰੁਪਏ ਦੇ ਲਗਪਗ ਹੈ। ਭਾਰਤੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅਰਬ ਸਾਗਰ ਵਿਚ ਸ਼ੱਕੀ ਹਾਲਤ ਤੇ ਭਾਰਤ ਦੇ ਪਾਣੀ ਵਿਚ ਦਾਖਲ ਹੋਣ ’ਤੇ ਕਿਸ਼ਤੀ ਦਾ ਪਿੱਛਾ ਕੀਤਾ ਗਿਆ ਤੇ ਨੌਂ ਪਾਕਿਸਤਾਨੀਆਂ ਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਗਿਆ।ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰਤੀ ਸਮੁੰਦਰੀ ਸੁਰੱਖਿਆ ਗਾਰਡ ਅਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਸੂਬੇ ਦੇ ਤੱਟ ਦੇ ਨੇੜੇ ਅਰਬ ਸਾਗਰ ਵਿੱਚ ਪਾਕਿਸਤਾਨ ਦੀ ਕਿਸ਼ਤੀ ਨੂੰ ਫੜ ਲਿਆ ਹੈ। ਇਸ ਕਿਸ਼ਤੀ ਵਿੱਚ ਚਾਲਕ ਸਣੇ 9 ਮੈਂਬਰ ਮੌਜੂਦ ਸਨ।ਤਲਾਸ਼ੀ ਲੈਣ ਉਤੇ ਕਿਸ਼ਤੀ ਵਿੱਚੋਂ 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ।ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਕੋਸਟ ਗਾਰਡ ਦੇ ਜਹਾਜ਼ਾਂ ਨੇ ਪਾਕਿਸਤਾਨੀ ਕਿਸ਼ਤੀ ‘ਅਲ ਹਜ’ ਨੂੰ ਰੋਕਿਆ ਅਤੇ ਉਸ ਨੂੰ ਫੜ ਲਿਆ ਜਦੋਂ ਇਹ ਭਾਰਤੀ ਜਲ ਖੇਤਰ ਵਿਚ ਦਾਖਲ ਹੋਈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਕਿਸ਼ਤੀ ‘ਤੇ 280 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਕਿਸ਼ਤੀ ਅਤੇ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਅਗਲੇਰੀ ਜਾਂਚ ਲਈ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਾਖਾਊ ਬੰਦਰਗਾਹ ‘ਤੇ ਲਿਆਂਦਾ ਗਿਆ।ਪੁਲਿਸ ਕਿਸ਼ਤੀ ਚਾਲਕ ਤੇ ਸਟਾਫ ਮੈਂਬਰਾਂ ਕੋਲੋਂ ਇਸ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।ਇਸ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
