ਜਗਰਾਉਂ, 23 ਮਈ ( ਵਿਕਾਸ ਮਠਾੜੂ)-ਜੀ.ਐਚ.ਜੀ.ਅਕੈਡਮੀ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਹਰਭਜਨ ਸਿੰਘ ਨੇ ਆਪਣੇ ਭਾਸ਼ਣ ਰਾਹੀਂ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਸੁਭਾਅ ਨਿਮਰਤਾ ,ਮਿਠਾਸ ਭਰਿਆ ਅਤੇ ਸੇਵਾ ਭਾਵ ਨਾਲ ਭਰਪੂਰ ਸੀ ।ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰਾਂ ਤੋਂ ਵਧੇਰੇ ਯੋਗ ਸਮਝਦਿਆਂ ਆਪ ਨੂੰ ਗੁਰਗੱਦੀ ਦਿੱਤੀ ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਿੱਖ ਜਗਤ ਨੂੰ ਬਹੁਤ ਵੱਡੀ ਦੇਣ ਹੈ । ਉਨ੍ਹਾਂ ਸਾਰੇ ਗੁਰੂਆਂ ਦੀ ਬਾਣੀ ਸੰਗ੍ਰਹਿ ਕਰਨ ਤੋਂ ਇਲਾਵਾ ਹਿੰਦੁਸਤਾਨ ਭਰ ਦੇ ਸੰਤਾਂ ਮਹਾਂਪੁਰਸ਼ਾਂ ਤੇ ਭਗਤਾਂ ਦੇ ਵਿਚਾਰਾਂ ਨੂੰ ਵੀ ਇਕੱਠਿਆਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਸਭ ਤੋਂ ਵੱਧ ਬਾਣੀ ਦਰਜ ਹੈ।ਗੁਰੂ ਅਰਜਨ ਦੇਵ ਜੀ ਨੇ ਜਾਤੀ ਭੇਦਭਾਵ ਨੂੰ ਮਿਟਾਉਣ ਲਈ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇ ਕੇ ਧਾਰਮਿਕ ਖੇਤਰ ਵਿੱਚ ਇੱਕ ਨਵੀਂ ਪਿਰਤ ਪਾਈ , ਜਿਸ ਨੇ ਸਿੱਖੀ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ। ਇਸ ਉਪਰੰਤ ਜੀ.ਐੱਚ .ਜੀ .ਅਕੈਡਮੀ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਅਖੀਰ ਵਿੱਚ ਜੀ .ਐਚ .ਜੀ .ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣ ਤੇ ਉਨ੍ਹਾਂ ਦੁਆਰਾ ਰਚੀ ਹੋਈ ਬਾਣੀ ਨੂੰ ਪੜ੍ਹਨ ਅਤੇ ਉਸ ਉੱਪਰ ਅਮਲ ਕਰਨ ਦੀ ਪ੍ਰੇਰਨਾ ਦਿੱਤੀ।