ਲੜਕੀ ਦੇ ਪਿਤਾ ਤੇ ਭਰਾ ਨੇ ਅਣਖ ਖ਼ਾਤਰ ਦਿੱਤਾ ਘਟਨਾ ਨੂੰ ਅੰਜ਼ਾਮ
ਬਰਨਾਲਾ, 23 ਮਈ ( ਜਗਸੀਰ ਸਿੰਘ ਧਾਲੀਵਾਲ): ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਵਿਖੇ ਪ੍ਰੇਮ ਸਬੰਧਾਂ ਨੂੰ ਲੈ ਕੇ ਲੜਕੀ ਦੇ ਪਿਤਾ ਅਤੇ ਭਰਾ ਵਲੋਂ ਆਪਣੀ ਲੜਕੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਸਿਟੀ ਸਤਬੀਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਡੇਢ ਵਜੇ ਪਿੰਡ ਠੀਕਰੀਵਾਲ ਵਿਖੇ ਮਨਪ੍ਰੀਤ ਕੌਰ ਪੁੱਤਰੀ ਭੋਲਾ ਸਿੰਘ ਉਮਰ ਕਰੀਬ 25 ਸਾਲ ਦਾ ਗਲਾ ਘੁੱਟ ਕੇ ਅਤੇ ਗੁਰਦੀਪ ਸਿੰਘ ਪੁੱਤਰ ਰੂਪ ਸਿੰਘ ਉਮਰ ਕਰੀਬ 30 ਸਾਲ ਦਾ ਗੰਡਾਸਿਆਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਕਤਲ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਮਨਪ੍ਰੀਤ ਕੌਰ ਅਤੇ ਗੁਰਦੀਪ ਸਿੰਘ ਦੇ ਲੰਬੇ ਸਮੇਂ ਤੋਂ ਆਪਸੀ ਪ੍ਰੇਮ ਸੰਬੰਧ ਸਨ। ਬੀਤੀ ਰਾਤ ਗੁਰਦੀਪ ਸਿੰਘ ਮਨਪ੍ਰੀਤ ਕੌਰ ਦੇ ਘਰ ਉਸ ਨੂੰ ਮਿਲਣ ਆਇਆ ਜਿਸ ਦਾ ਮਨਪ੍ਰੀਤ ਕੌਰ ਦੇ ਪਿਤਾ ਭੋਲਾ ਸਿੰਘ ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਵਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਵਲੋਂ ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਦਰ ਬਰਨਾਲਾ ਵਿਖੇ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਭੋਲਾ ਸਿੰਘ ਅਤੇ ਸੁਖਬੀਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ ਤੇ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।