ਮੰਡੀ ਲੱਖੇਵਾਲੀ (ਬੋਬੀ ਸਹਿਜਲ ਧਰਮਿੰਦਰ) 4 ਹਜ਼ਾਰ ਰੁਪਏ ’ਚ ਗਹਿਣੇ ਰੱਖਿਆ ਹੋਇਆ ਮੋਬਾਈਲ ਛੁਡਵਾਉਣ ਨੂੰ ਲੈ ਕੇ 4 ਵਿਅਕਤੀਆਂ ਨੇ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਸੇਮਨਾਲੇ ‘ਚ ਸੁੱਟ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਚਾਰਾਂ ਵਿਅਕਤੀਆਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਬੀਤੇ ਸ਼ਨੀਵਾਰ ਨੂੰ ਭਾਗਸਰ ਚੰਦਭਾਨ ਡਰੇਨ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸਦੀ ਸਨਾਖ਼ਤ ਕਰਨ ’ਤੇ ਪਤਾ ਲੱਗਾ ਸੀ ਕਿ ਇਹ ਲਾਸ਼ ਨੌਜਵਾਨ ਗੁਰਪਿੰਦਰ ਸਿੰਘ ਵਾਸੀ ਭਾਗਸਰ ਦੀ ਹੈ। ਇਸ ਸਬੰਧੀ ਥਾਣਾ ਲੱਖੇਵਾਲੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸਰਬਜੀਤ ਸਿੰਘ ਵਾਸੀ ਪਿੰਡ ਭਾਗਸਰ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ। ਦੋ ਲੜਕੇ ਅਤੇ ਦੋ ਲੜਕੀਆਂ, ਜਿਨ੍ਹਾਂ ’ਚੋਂ ਇਕ ਲੜਕਾ ਗੁਰਪਿੰਦਰ ਸਿੰਘ ਵਿਆਹਿਆ ਹੋਇਆ ਹੈ। ਗੁਰਪਿੰਦਰ ਸਿੰਘ ਚੋਰੀ ਛੁਪੇ ਸ਼ਰਾਬ ਵੇਚਣ ਦਾ ਕੰਮ ਵੀ ਕਰਦਾ ਸੀ, ਜਿਸਦੀ ਪਿੰਡ ਦੇ ਕੁਝ ਲੜਕਿਆਂ ਨਾਲ ਵਾਕਫ਼ੀਅਤ ਹੋਣ ਕਰਕੇ ਆਉਣ ਜਾਣ ਸੀ। ਮਿਤੀ 8 ਜੂਨ 2023 ਨੂੰ ਵਕਤ ਕਰੀਬ 7:30 ਵਜੇ ਸ਼ਾਮ ਦਾ ਹੋਵੇਗਾ ਕਿ ਕਾਲਾ ਸਿੰਘ ਪੁੱਤਰ ਹਰਜਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਾਡੇ ਘਰ ਆਇਆ ਅਤੇ ਮੇਰੇ ਲੜਕੇ ਗੁਰਪਿੰਦਰ ਸਿੰਘ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਇਸ ਤੋਂ ਬਾਅਦ ਮੇਰਾ ਲੜਕਾ ਘਰ ਨਹੀਂ ਆਇਆ ਜਿਸਦੀ ਅਸੀਂ ਕਾਫ਼ੀ ਤਲਾਸ਼ ਕੀਤੀ, ਪਰ ਉਸ ਬਾਰੇ ਕੋਈ ਪਤਾ ਨਹੀਂ ਲੱਗਾ।