ਮਾਲੇਰਕੋਟਲਾ 22 ਜੂਨ ( ਮੋਹਿਤ ਜੈਨ)-ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਮਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਅਤੇ ਪੈਂਡਿੰਗ ਕੇਸਾਂ ਦੇ ਨਿਪਟਾਰੇ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਹਰਬੰਸ ਸਿੰਘ,ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ, ਜ਼ਿਲ੍ਹੇ ਦੇ ਮਾਲ ਅਫ਼ਸਰ ਗੁਰਮੰਦਰ ਸਿੰਘ , ਨਾਇਬ ਤਹਿਸੀਲਦਾਰ ਮਾਲੇਰਕੋਟਲਾ ਖੁਸ਼ਵਿੰਦਰ ਕੁਮਾਰ , ਨਾਇਬ ਤਹਿਸੀਲਦਾਰ ਅਹਿਮਦਗੜ੍ਹ ਰਾਮ ਲਾਲ ,ਸਦਰ ਕਾਨੂੰਗੋ ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।ਮਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਦਿਆ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਦੀ ਰਜਿਸਟਰੀ ਉਪਰੰਤ ਇੰਤਕਾਲ ਪੈਂਡਿੰਗ ਹਨ, ਉਨ੍ਹਾਂ ਦੀਆਂ ਜਾਇਦਾਦਾਂ ਦੇ ਇੰਤਕਾਲਾਂ ਦਾ ਤਹਿ ਸਮਾਂ ਸੀਮਾ ਤਹਿਤ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਹਾ ਕਿ ਪੁਰਾਣੇ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹਾ ਲੈਂਡ ਰਿਕਾਰਡ ਸੁਸਾਇਟੀ ਦੇ ਜ਼ਿਲ੍ਹਾ ਸਿਸਟਮ ਮੈਨੇਜਰ ਤੋਂ ਰੋਜ਼ਾਨਾ ਰਿਪੋਰਟ ਇਕੱਤਰ ਕਰਕੇ ਸਬੰਧਿਤ ਅਧਿਕਾਰੀਆਂ ਨੂੰ ਲੋੜ੍ਹੀ ਨਿਰਦੇਸ਼ ਦੇਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੇਸਾਂ ਦਾ ਨਿਪਟਾਰਾ ਨਾਲ ਨਾਲ ਹੋ ਸਕੇ ।ਡਿਪਟੀ ਕਮਿਸ਼ਨਰ ਵੱਲੋਂ ਮਾਲ ਰਿਕਾਰਡ ਦੀ ਅਪਡੇਸ਼ਨ, ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ, ਜਮ੍ਹਾਬੰਦੀ, ਮੁਸਾਵੀਆਂ ਦੀ ਡਿਜੀਟਾਈਜ਼ੇਸ਼ਨ, ਹੜ੍ਹਾਂ ਤੋਂ ਸੁਰੱਖਿਆ ਸਬੰਧੀ ਕਾਰਜਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਜ਼ਿਲ੍ਹਾ ਲੈਂਡ ਰਿਕਾਰਡ ਸੁਸਾਇਟੀ ਦੇ ਜ਼ਿਲ੍ਹਾ ਸਿਸਟਮ ਮੈਨੇਜਰ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਫ਼ਰਦਾਂ ਅਤੇ ਇੰਤਕਾਲ ਤੇ ਇਸ ਸਬੰਧੀ ਹੋਰ ਕੰਮ ਤੁਰੰਤ ਨਿਪਟਾਉਣ ਨੂੰ ਯਕੀਨੀ ਬਣਾਉਣ । ਉਨ੍ਹਾਂ ਜ਼ਿਲ੍ਹੇ ਸਮੁੱਚੇ ਮਾਲ ਅਧਿਕਾਰੀਆਂ ਨੂੰ ਕਿਹਾ ਕਿ ਬਿਨਾਂ ਦੇਰੀ ਤੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸੇਵਾ ਦਾ ਭਾਵਨਾ ਨਾਲ ਪਾਰਦਰਸ਼ੀ ਤਰੀਕੇ ਨਾਲ ਆਪਣੇ ਕੰਮ ਨੂੰ ਤਰਜੀਹ ਦੇਣ ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖ਼ਾਨਗੀ ਤਕਸੀਮ (ਜ਼ਮੀਨ-ਜਾਇਦਾਦ ਦੀ ਵੰਡ) ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਸਬੰਧੀ ਲੋਕਾਂ ਨੂੰ ਆਨਲਾਈਨ ਭਰੇ ਜਾਣ ਵਾਲੇ ਵੇਰਵਿਆਂ ਅਤੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈ ਸਕਣ