ਬਲਬੇੜਾ, 28 ਅਪ੍ਰੈਲ (ਰਾਜਨ ਜੈਨ – ਸੰਜੀਵ) : ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਜਿਸ ਕਰਕੇ ਕਈ ਵਾਰੀ ਮੀਂਹ ਅਤੇ ਹਨੇਰੀ ਆਉਣ ਨਾਲ ਜਿੱਥੇ ਕਈ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉੱਥੇ ਬੀਤੀ ਰਾਤ ਹਲਕਾ ਸਨੌਰ ਦੇ ਕਸਬਾ ਬਲਬੇੜਾ ਨੇੜੇ ਪਿੰਡ ਜਾਫਰਪੁਰ ਵਿਖੇ ਆਕਾਸ਼ੀ ਬਿਜਲੀ ਡਿੱਗਣ ਨਾਲ ਕਿਸਾਨ ਦਾ ਕਾਫੀ ਨੁਕਸਾਨ ਹੋਇਆ ਹੈ। ਪਿੰਡ ਜਾਫਰਪੁਰ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਆਕਾਸ਼ੀ ਬਿਜਲੀ ਡਿੱਗਣ ਨਾਲ ੳਨ੍ਹਾਂ ਦੇ 5 ਏਕੜ ਕਣਕ ਦੇ ਨਾੜ ਨੂੰ ਅੱਗ ਲੱਗ ਗਈ।ਅੱਗ ਲੱਗਣ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਰਾਤ ਤਕਰੀਬਨ 9 ਕੁ ਵਜੇ ਉਨ੍ਹਾਂ ਦੇ ਖੇਤ ਤੋਂ ਥੋੜ੍ਹੀ ਦੂਰ ਤੂੜੀ ਬਣਾ ਰਹੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਖੇਤ ’ਚ ਇੱਕਦਮ ਬਿਜਲੀ ਡਿੱਗ ਪਈ ਜਿਸ ਨਾਲ ਉਹਨਾਂ ਦੇ ਖੇਤ ’ਚ ਨਾੜ ਨੂੰ ਅੱਗ ਲੱਗ ਗਈ।ਇਕੱਤਰ ਪਿੰਡ ਵਾਸੀਆਂ ਨੇ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਨੇ ਉਹਨਾਂ ਦੇ 5 ਏਕੜ ਦੇ ਲਗਪਗ ਨਾੜ ਨੂੰ ਆਪਣੀ ਲਪੇਟ ’ਚ ਲੈ ਲਿਆ। ਉਹਨਾਂ ਕਿਹਾ ਕਿ ਨਾੜ ਨੂੰ ਅੱਗ ਲੱਗਣ ਨਾਲ ਉਹਨਾਂ ਦਾ ਲਗਪਗ 30-35 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਪਿੰਡ ’ਚ ਲੱਗੇ ਟਰਾਂਸਫਾਰਮਰ ਨੂੰ ਵੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ ਜਿਸ ਨਾਲ ਬਿਜਲੀ ਸਪਲਾਈ ਵੀ ਬੰਦ ਹੋ ਗਈ।