ਅਹਿਮਦਗੜ੍ਹ 16 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਅਹਿਮਦਗੜ੍ਹ ਸਬ ਡਵੀਜ਼ਨ ਦੇ ਪਿੰਡ ਖੁਰਦ ਦਾ ਅਗਾਂਹਵਧੂ ਕਿਸਾਨ ਇਕਬਾਲ ਸਿੰਘ ਪਿਛਲੇ 04 ਸਾਲਾਂ ਤੋਂ 10 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਧੀਆ ਯੋਗਦਾਨ ਪਾ ਰਿਹਾ ਹੈ।ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਕੰਮ ਦੀ ਸ਼ੁਰੂਆਤ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੰਤੂ ਜਿਵੇਂ ਜਿਵੇਂ ਸਮਾਂ ਲਗਦਾ ਗਿਆ ਉਸ ਨੂੰ ਇਸ ਕੰਮ ਦਾ ਹਿਸਾਬ ਆਉਣ ਲੱਗ ਗਿਆ। ਉਸ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਸਾਲ ਉਹਨਾਂ ਨੂੰ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਣਾਂ ਨੂੰ ਕੰਟਰੋਲ ਕਰਨ ਦੀ ਥੋੜ੍ਹੀ ਬਹੁਤ ਦਿੱਕਤ ਆਈ ਪ੍ਰੰਤੂ ਹੁਣ ਕਈ ਤਰ੍ਹਾਂ ਦੀਆਂ ਨਵੀਂਆਂ ਤਕਨੀਕਾਂ ਵਿਕਸਤ ਹੋਣ ਨਾਲ ਨਦੀਣਾਂ ਨੂੰ ਕੰਟਰੋਲ ਕਰਨ ਦਾ ਕੰਮ ਆਸਾਨ ਹੋ ਗਿਆ ਹੈ ਜਿਸ ਨਾਲ ਕਾਸ਼ਤਕਾਰ ਦੀ ਮਿਹਨਤ,ਖੇਤੀ ਲਾਗਤ,ਸਮੇਂ ਦੀ ਬੱਚਤ ਅਤੇ ਝਾੜ ਵਿੱਚ ਵਾਧਾ ਹੋਣ ਲੱਗ ਪਿਆ ਹੈ।ਇਕਬਾਲ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਬੀਜੇ ਝੋਨੇ ਨਾਲ ਸਭ ਤੋਂ ਪਹਿਲਾਂ ਮੇਰਾ ਪਨੀਰੀ ਬੀਜਣ ਅਤੇ ਉਸ ਨੂੰ ਤਿਆਰ ਕਰਨ ਦਾ ਖਰਚਾ ਬਚ ਜਾਂਦਾ ਹੈ। ਉਸ ਤੋਂ ਬਾਅਦ ਕੱਦੂ ਕਰਨ ਅਤੇ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਗਾਉਣ ਦੀ ਲੇਬਰ ਜੋ ਕਿ ਬਹੁਤ ਜ਼ਿਆਦਾ ਹੁੰਦੀ ਹੈ, ਉਹ ਬਚ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਵਿਧੀ ਨਾਲ ਲਗਾਏ ਝੋਨੇ ਦੀ ਬਿਜਾਈ ਕਰਨ ਵੇਲੇ ਸਮਾਂ ਵੀ ਬਹੁਤ ਬਚਦਾ ਹੈ। ਖੇਤੀ ਲਾਗਤ ਵਿੱਚ ਵੀ ਕਮੀ ਆਉਂਦੀ ਹੈ ।ਇਸ ਵਿਧੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਨਾਲ ਬਹੁਤ ਘੱਟ ਸਮੇਂ ਵਿੱਚ ਤਰ ਵੱਤਰ ਜ਼ਮੀਨ ਵਿੱਚ ਬਿਜਾਈ ਕਰ ਦਿੱਤੀ ਜਾਂਦੀ ਹੈ। ਬਿਜਾਈ ਕਰਨ ਉਪਰੰਤ 72 ਘੰਟਿਆਂ ਵਿੱਚ ਇਸ ਵਿੱਚ ਸਟੌਂਪ 01 ਲੀਟਰ ਪਰ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰ ਦਿੱਤੀ ਜਾਂਦੀ ਹੈ।ਇਸ ਤਰ੍ਹਾਂ ਕਰਨ ਨਾਲ ਤਕਰੀਬਨ 70-80% ਨਦੀਣਾਂ ਦੀ ਰੋਕਥਾਮ ਹੋ ਜਾਂਦੀ ਹੈ।ਇਸ ਤੋਂ ਬਾਅਦ ਉਹਨਾਂ ਦੱਸਿਆ ਕਿ ਪੀ.ਏ.ਯੂ ਲੁਧਿਆਣਾ ਦੀ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪਾਣੀ ਦੇ ਕੇ ਇਸ ਵਿਧੀ ਨਾਲ ਬੀਜੇ ਝੋਨੇ ਨਾਲ 25 ਤੋਂ 30 % ਪਾਣੀ ਦੀ ਬੱਚਤ ਕਰ ਸਕਦੇ ਹਾਂ। ਉਹਨਾਂ ਨੇ ਦੱਸਿਆ ਕਿ ਇਸ ਵਿਧੀ ਨਾਲ ਬੀਜੇ ਝੋਨੇ ਵਿੱਚ ਬਿਮਾਰੀ ਅਤੇ ਕੀਟਾਂ ਦਾ ਹਮਲਾ ਵੀ ਕੱਦੂ ਕੀਤੇ ਝੋਨੇ ਨਾਲੋਂ ਘੱਟ ਹੁੰਦਾ ਹੈ ਅਤੇ ਇਸ ਵਿਧੀ ਨਾਲ ਬੀਜੇ ਝੋਨੇ ਨਾਲ ਝਾੜ ਰਵਾਇਤੀ ਵਿਧੀ ਦੇ ਬਰਾਬਰ ਹੀ ਆ ਰਿਹਾ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਹਿਮਦਗੜ੍ਹ ਦੇ ਬੀ.ਟੀ.ਐਮ ਮੁਹੰਮਦ ਜਮੀਲ ਨੇ ਦੱਸਿਆ ਕਿ ਇਸ ਕਿਸਾਨ ਨੂੰ ਪਿਛਲੇ ਸਾਲ ਹਾੜੀ ਦੀਆਂ ਫ਼ਸਲਾਂ ਸਬੰਧੀ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਵਿੱਚ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਹ ਕਿਸਾਨ ਸੂਬੇ ਦੇ ਬਾਕੀ ਕਿਸਾਨਾਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ । ਇਸ ਤੋਂ ਪ੍ਰੇਰਿਤ ਹੋ ਕੇ ਜ਼ਿਲ੍ਹੇ ਦੇ ਹੀ ਨਹੀਂ ਸਗੋਂ ਰਾਜ ਦੇ ਕਈ ਕਿਸਾਨਾਂ /ਜ਼ਿਮੀਂਦਾਰਾਂ ਨੇ ਝੋਨੇ ਦੀ ਸਿੱਧੀ ਬਿਜਾਈ ਅਪਣਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ ।