ਕਪੂਰਥਲਾ, 13 ਜੂਨ (ਰਾਜੇਸ਼ ਜੈਨ – ਰਾਜਨ ਜੈਨ) : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਅੱਜ ਇੱਥੇ ਲਗਾਏ ਗਏ ਕਿਸਾਨ ਸਿਖ਼ਲਾਈ ਕੈਂਪ ਅਤੇ ਖੇਤੀਬਾੜੀ ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਮਾਹਰਾਂ ਨੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।ਜ਼ਿਲ੍ਹਾ ਪੱਧਰੀ ਕਿਸਾਨ ਸਿਖ਼ਲਾਈ ਕੈਂਪ ਅਤੇ ਖੇਤੀਬਾੜੀ ਪ੍ਰਦਰਸ਼ਨੀ ਵਿੱਚ ਮਾਹਰਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਮੌਜੂਦਾ ਸਮੇਂ ਖੇਤੀ ਖਰਚੇ ਘਟਾਉਣ ਲਈ ਫ਼ਸਲੀ ਰਹਿੰਦ-ਖੂੰਹਦ ਖਾਸ ਕਰ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਅਮਲ਼ੀ ਜਾਮਾ ਪਹਿਨਾਉਣਾ ਚਾਹੀਦਾ ਹੈ ।
ਸਾਉਣੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਲਗਾਏ ਕਿਸਾਨ ਸਿਖ਼ਲਾਈ ਕੈਂਪ ਅਤੇ ਖੇਤੀਬਾੜੀ ਪ੍ਰਦਰਸ਼ਨੀ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਿਖਾ ਭਗਤ ਨੇ ਕੀਤਾ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਜ਼ਮੀਨ ਵਿੱਚ ਹੀ ਵਾਹਿਆ ਜਾਵੇ, ਜਿਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਕਿਸਾਨਾਂ ਨੂੰ ਕੈਂਪ ਵਿੱਚ ਸਾਉਣੀ ਦੀਆਂ ਫ਼ਸਲਾਂ ਸਬੰਧੀ ਹਾਸਲ ਕੀਤੀ ਜਾਣਕਾਰੀ ਨੂੰ ਆਪਣਾ ਕੇ ਵੱਖ-ਵੱਖ ਫਸਲਾਂ ਦੀ ਕਾਸ਼ਤ ਸਮੇਂ ਇਸਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਖੇਤੀਬਾੜੀ (ਅੰਕੜਾ) ਹਰਪ੍ਰੀਤ ਕੌਰ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਅਤੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਖੇਤੀ ਦੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਬਿਜਾਈ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਸਮੇਂ ਅਨੁਸਾਰ 15 ਜੂਨ ਤੋਂ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਝੋਨਾਂ ਨਾ ਲਗਾਇਆ ਜਾਵੇ। ਉਨ੍ਹਾਂ ਨੇ ਖੇਤੀ ਖਰਚੇ ਘਟਾਉਣ ਅਤੇ ਫ਼ਸਲੀ ਵੰਨ-ਸੁਵੰਨਤਾ ਲਿਆਉਣ ’ਤੇ ਜ਼ੋਰ ਦਿੱਤਾ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ।ਉਪ ਮੰਡਲ ਮੈਜਿਸਟ੍ਰੇਟ, ਨਡਾਲਾ ਨਵਨੀਤ ਕੌਰ ਬੱਲ ਨੇ ਵਾਤਾਵਰਣ ਦੀ ਸਾਂਭ-ਸੰਭਾਲ ’ਤੇ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸੁਚੱਜੀ ਸੰਭਾਲ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਡਾ.ਬਲਬੀਰ ਚੰਦ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਕਿਸਾਨਾਂ ਸਵਾਗਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਨਿਰਧਾਰਿਤ ਸਮੇਂ ਸਿਰ ਕਰਨ ਅਤੇ ਘੱਟ ਸਮਾਂ ਲੈਣ ਵਾਲੀਆਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਹੇਠੋਂ ਰਕਬਾ ਘਟਾ ਕੇ ਬਾਸਮਤੀ, ਮੱਕੀ ਤੇ ਦਾਲਾਂ ਆਦਿ ਹੇਠ ਲਿਆਉਣ ਅਤੇ ਖੇਤੀਬਾੜੀ ਮਾਹਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦਾਂ ਅਤੇ ਖੇਤੀ ਰਸਾਇਣਾਂ ਦੀ ਵਰਤੋਂ ਕਰਨ ਲਈ ਕਿਹਾ।ਡਾਇਰੈਕਟਰ ਰੀਜਨਲ ਖੋਜ ਕੇਂਦਰ (ਪੀ.ਏ.ਯੂ.) ਕਪੂਰਥਲਾ ਡਾ. ਗੁਲਜਾਰ ਸਿੰਘ ਸੰਘੇੜਾ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ ਗਈ। ਜਦਕਿ ਸਹਾਇਕ ਪ੍ਰੋਫੈਸਰ, ਭੂਮੀ ਵਿਗਿਆਨ ਡਾ. ਗਗਨਦੀਪ ਧਵਨ ਨੇ ਮਿੱਟੀ ਪਰਖ ਦੇ ਆਧਾਰ ’ਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣੂ ਕਰਵਾਇਆ। ਖੇਤੀਬਾੜੀ ਇੰਜੀਨੀਅਰ ਪ੍ਰੋਫੈਸਰ ਡਾ. ਬਿੰਦੂ ਮਰਵਾਹਾ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਲਈ ਖੇਤੀ ਮਸ਼ੀਨਰੀ ਬਾਰੇ, ਇੰਚਾਰਜ ਐਫ.ਏ.ਐਸ.ਐਸ, ਕਪੂਰਥਲਾ ਡਾ. ਪ੍ਰਦੀਪ ਕੁਮਾਰ ਨੇ ਝੋਨੇ/ਬਾਸਮਤੀ ਦੀ ਫ਼ਸਲ ਤੇ ਨਦੀਨਾਂ ਦੀ ਸਰਵਪਖੀ ਰੋਕਥਾਮ ਸਬੰਧੀ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਸੁਲਤਾਨਪੁਰ ਲੋਧੀ ਡਾ. ਜਸਪਾਲ ਸਿੰਘ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾਂ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸੁਖਦੀਪ ਸਿੰਘ ਹੁੰਦਲ, ਡਿਪਟੀ ਡਾਇਰੈਕਟਰ ਡੇਅਰੀ ਕਪੂਰਥਲਾ ਡਾ.ਦਵਿੰਦਰ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਇੰਜ. ਲੁਪਿੰਦਰ ਕੁਮਾਰ ਅਤੇ ਮੱਛੀ ਪਾਲਣ ਅਫ਼ਸਰ ਦਲਜੀਤ ਸਿੰਘ ਨੇ ਆਪੋ-ਆਪਣੇ ਵਿਭਾਗਾਂ ਵਿੱਚ ਚੱਲ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਵਿਸਥਾਰ ਨਾਲ ਦੱਸਿਆ।ਬਲਾਕ ਖੇਤੀਬਾੜੀ ਅਫ਼ਸਰ ਨਡਾਲਾ ਡਾ. ਸਤਨਾਮ ਸਿੰਘ ਨੇ ਮੰਚ ਸੰਚਾਲਨ ਕੀਤਾ।ਕਿਸਾਨ ਮੇਲੇ ਵਿੱਚ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਸ ਵਿੱਚ ਕਿਸਾਨਾਂ ਨੇ ਭਰਪੂਰ ਦਿਲਚਸਪੀ ਦਿਖਾਈ ਅਤੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ.ਐਚ.ਪੀ.ਐਸ. ਭਰੋਤ, ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.), ਡਾ. ਵਿਸ਼ਾਲ ਕੌਸ਼ਲ, ਖੇਤੀਬਾੜੀ ਵਿਕਾਸ ਅਫ਼ਸਰ (ਇੰਨ.), ਡਾ. ਗੁਰਵਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਫਗਵਾੜਾ ਡਾ. ਪਰਮਜੀਤ ਸਿੰਘ ਮਹੇ ਅਤੇ ਪੀ.ਡੀ.(ਆਤਮਾ) ਡਾ. ਤਰਵਿੰਦਰ ਸਿੰਘ ਅਤੇ ਸਮੂਹ ਸਟਾਫ਼ ਕਪੂਰਥਲਾ ਮੌਜੂਦ ਸਨ।