ਜਗਰਾਉ, 7 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਪਿੰਡ ਲੱਖਾ ਦੇ ਚਾਰ ਦੋਸਤਾਂ ਦੀ ਕਾਰ ਪਿੰਡ ਮੱਲਾ ਤੋਂ ਡੱਲਾ ਵਿਚਕਾਰ ਅਬੋਹਰ ਬ੍ਰਾਂਚ ਅਖਾੜਾ ਨਹਿਰ ਵਿੱਚ ਡਿੱਗ ਗਈ ਸੀ। ਜਿਸ ਵਿਚੋਂ ਦੋ ਨੌਜਵਾਨ ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਪਿੰਡ ਲੱਖਾ ਨੂੰ ਵੀਰਵਾਰ ਦੇਰ ਰਾਤ ਨੂੰ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਜਦੋਂ ਕਿ ਸ਼ੁੱਕਰਵਾਰ ਨੂੰ 23 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ( ਜਿਸਦਾ ਜਨਮ ਦਿਨ ਸੀ ) ਦੀ ਲਾਸ਼ ਡਾਂਗੀਆਂ ਪੁਲ ’ਤੇ ਅਖਾੜਾ ਨਹਿਰ ’ਚੋਂ ਬਰਾਮਦ ਹੋਈ ਅਤੇ ਸ਼ਨੀਵਾਰ ਨੂੰ ਪਾਣੀ ’ਚ ਵਹਿ ਗਏ ਸਤਨਾਮ ਸਿੰਘ ਦੀ ਲਾਸ਼ ਨਹਿਰ ’ਚੋਂ ਬਰਾਮਦ ਕਰ ਲਈ ਗਈ ਹੈ। ਥਾਣਾ ਹਠੂਰ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਿਲਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਸੀ। ਕੈਨੇਡਾ ਵਿੱਚ ਉਸਦਾ ਇੱਕ ਭਰਾ ਹੈ ਜੋ ਸ਼ਨੀਵਾਰ ਦੇਰ ਰਾਤ ਇੱਥੇ ਪਹੁੰਚ ਜਾਵੇਗਾ। ਉਸ ਦੇ ਆਉਣ ਤੋਂ ਬਾਅਦ ਦਿਲਪ੍ਰੀਤ ਅਤੇ ਸਤਨਾਮ ਸਿੰਘ (ਜਿਸਦਾ ਸ਼ਨੀਵਾਰ ਨੂੰ ਪੋਸਟਮਾਰਟਮ ਕਰਕੇ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ) ਦਾ ਅੰਤਿਮ ਸੰਸਕਾਰ ਐਤਵਾਰ ਨੂੰ ਪਿੰਡ ਵਿੱਚ ਕੀਤਾ ਜਾਵੇਗਾ।
ਛੋਟੇ ਪੁੱਤਰ ਦੀ ਲੋਹੜੀ ਮਨਾਈ ਜਾਣੀ ਸੀ- ਇਸ ਹਾਦਸੇ ਵਿੱਚ ਮ੍ਰਿਤਕ ਸਤਨਾਮ ਸਿੰਘ ਪਲੰਬਰ ਦਾ ਕੰਮ ਕਰਦਾ ਸੀ ਅਤੇ ਵਾਢੀ ਦੇ ਸੀਜ਼ਨ ਦੌਰਾਨ ਕੰਬਾਈਨ ਵੀ ਚਲਾਉਂਦਾ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸਤਨਾਮ ਸਿੰਘ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ। ਉਸਦਾ ਇੱਕ ਚਾਰ ਸਾਲ ਦਾ ਅਤੇ ਇੱਕ ਛੇ ਮਹੀਨੇ ਦਾ ਬੇਟਾ ਹੈ। ਇਸ ਸਾਲ ਛੋਟੇ ਪੁੱਤਰ ਦੀ ਲੋਹੜੀ ਮਨਾਉਣ ਦੀ ਤਿਆਰੀ ਕਰ ਰਿਹਾ ਸੀ। ਇਸ ਹਾਦਸੇ ਵਿੱਚ ਪਿੰਡ ਦੇ ਦੋ ਨੌਜਵਾਨਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
