ਲੁਧਿਆਣਾ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਅਪਰਾਧੀਆਂ ਤੇ ਨਕੇਲ ਕੱਸਣ ਅਤੇ ਨਸ਼ੇ ਦੀ ਤਸਕਰੀ ਤੇ ਠੱਲ ਪਾਉਣ ਲਈ ਸ਼ਨਿਚਰਵਾਰ ਨੂੰ ਸੂਬੇ ਭਰ ਵਿਚ ਅਪ੍ਰੇਸ਼ਨ ਈਗਲ 2 ਦੇ ਤਹਿਤ ਸਰਚ ਅਭਿਆਨ ਸ਼ੁਰੂ ਕੀਤਾ ਗਿਆ।ਇਸ ਵਿਸ਼ੇਸ਼ ਚੈਕਿੰਗ ਅਭਿਆਨ ਦਾ ਜਾਇਜ਼ਾ ਲੈਣ ਲਈ ਏਡੀਜੀਪੀ ਰਾਮ ਸਿੰਘ ਲੁਧਿਆਣਾ ਪਹੁੰਚੇ।ਲੁਧਿਆਣਾ ਦੇ ਬੱਸ ਸਟੈਂਡ ਤੋਂ ਅਭਿਆਨ ਦੀ ਸ਼ੁਰੂਆਤ ਦੇ ਦੌਰਾਨ ਏਡੀਜੀਪੀ ਰਾਮ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਸ਼ਾਮ 4 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀਆਂ ਅਤੇ ਸਰਚ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਈਗਲ 2 ਦਾ ਮਕਸਦ ਅਪਰਾਧਿਕ ਅਕਸ ਵਾਲੇ ਲੋਕਾਂ ਤੇ ਨਕੇਲ ਕਸਣਾ ਅਤੇ ਆਮ ਜਨਤਾ ਦੇ ਮਨਾਂ ਵਿਚ ਅਸੁਰੱਖਿਆ ਦੀ ਭਾਵਨਾ ਲਿਆਉਣਾ ਹੈ।ਉਨ੍ਹਾਂ ਆਖਿਆ ਕਿ ਅਮਨ ਚੈਨ ਬਣਾਈ ਰੱਖਣਾ ਹੀ ਪੁਲਿਸ ਦਾ ਮੁੱਖ ਕੰਮ ਹੈ।ਇਸ ਪ੍ਰੋਗਰਾਮ ਵਿਚ ਚੰਡੀਗੜ੍ਹ ਤੋਂ ਆਏ ਕੁਝ ਅਧਿਕਾਰੀ ਵੀ ਸ਼ਾਮਲ ਹੋਏ ਜੋ 4 ਵਜੇ ਤਕ ਲੁਧਿਆਣਾ ਪੁਲਿਸ ਦੇ ਨਾਲ ਰਹਿਣਗੇ| ਏਡੀਜੀਪੀ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਜਾਣ ਵਾਲੀ ਚੈਕਿੰਗ ਦੀ ਅਗਵਾਈ ਵੱਖ-ਵੱਖ ਗਜ਼ਟਡ ਅਫਸਰ ਕਰਣਗੇ।ਇਸ ਅਭਿਆਨ ਦੇ ਦੌਰਾਨ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਨਾਲ ਜੁਆਇੰਟ ਕਮਿਸ਼ਨਰ ਸੋਮਿਆ ਮਿਸ਼ਰਾ,ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ, ਏਡੀਜੀਪੀ ਸਮੀਰ ਵਰਮਾ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ।