Home crime ਬਾਰਦੇਕੇ ਕਤਲ ਕਾਂਡ..ਪੁਲਿਸ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਨੂੰ ਫ਼ਰੀਦਕੋਟ ਜੇਲ੍ਹ ਤੋਂ...

ਬਾਰਦੇਕੇ ਕਤਲ ਕਾਂਡ..
ਪੁਲਿਸ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਨੂੰ ਫ਼ਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ

70
0


ਜਗਰਾਉਂ, 7 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਪਿੰਡ ਬਾਰਦੇਕੇ ਵਿਖੇ ਪਿਛਲੇ ਦਿਨੀਂ ਦਿਨ-ਦਿਹਾੜੇ ਪਰਮਜੀਤ ਸਿੰਘ ਦੇ ਘਰ ਦਾਖਲ ਹੋ ਕੇ ਉਸਦਾ ਗੋਲੀਆਂ ਨਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਜਗਰਾਉਂ ਪੁਲਿਸ ਨੇ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਜੇਲ੍ਹ ਤੋਂ ਲਿਆਂਦਾ ਹੈ।  ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 9 ਜਨਵਰੀ ਤੱਕ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਮੀਨੀਆ ਦੀ ਲਵਜਿੰਦਰ ਕੌਰ ਅਤੇ ਉਸ ਦੀ ਲੜਕੀ ਕਿਰਨਪ੍ਰੀਤ ਕੌਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲਸ ਗੈਂਗਸਟਰ ਮਨਦੀਪ ਧਰੁਵ ਨੂੰ ਕਪੂਰਥਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ। ਸ਼ਨੀਵਾਰ ਨੂੰ ਇਸ ਕਤਲ ਕੇਸ ਦੇ ਸਬੰਧ ’ਚ ਥਾਣਾ ਸਦਰ ਦੀ ਪੁਲਸ ਨੇ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਚਰਨਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਜੇਲ ਤੋਂ ਲਿਆਂਦਾ ਹੈ।  ਉਹ ਇੱਕ ਕਤਲ ਦੇ ਮਾਮਲੇ ਵਿੱਚ ਉੱਥੇ ਨਜ਼ਰਬੰਦ ਸੀ।  ਥਾਣਾ ਸਦਰ ਜਗਰਾਉਂ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਅਰਸ਼ ਡਾਲਾ ਕੈਨੇਡਾ ਵਿੱਚ ਬੈਠਾ ਹੈ। ਜਦੋਂ ਪਰਮਜੀਤ ਸਿੰਘ ਦਾ ਕਤਲ ਹੋਇਆ ਸੀ ਉਸੇ ਦਿਨ ਦੇਰ ਰਾਤ ਗੈਂਗਸਟਰ ਬੰਬੀਹਾ ਗਰੁੱਪ ਨਾਲ ਸਬੰਧਤ ਅਰਸ਼ ਡਾਲਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।  ਜਿਸ ਵਿੱਚ ਅਰਸ਼ ਡਾਲਾ ਨੇ ਸਾਫ਼ ਲਿਖਿਆ ਸੀ ਕਿ ਉਸ ਦਾ ਦੋਸਤ ਦਿਲਪ੍ਰੀਤ ਸਿੰਘ ਧਾਲੀਵਾਲ ਮੀਨੀਆ ਨੂੰ ਪਰਮਜੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਬੇਹਦ ਤੰਗ ਪ੍ਰੇਸ਼ਾਨ ਕੀਤਾ ਸੀ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਸੀ। ਅੱਜ ਅਸੀਂ ਆਪਣੇ ਦੋਸਤ ਦਿਲਪ੍ਰੀਤ ਸਿੰਘ ਦੀ ਮੌਤ ਦਾ ਬਦਲਾ ਲੈ ਲਿਆ ਹੈ। ਅਰਸ਼ ਡਾਲਾ ਵਲੋਂ ਪੋਸਟ ਪਾ ਜਿੰਮੇਵਾਰੀ ਲੈਣ ਉਪਰੰਤ ਪੁਲਿਸ ਨੇ ਦਿਲਪ੍ਰੀਤ ਸਿੰਘ ਧਾਲੀਵਾਲ ਦੇ ਪਿਤਾ ਸੁਖਦੇਵ ਸਿੰਘ ਵਾਸੀ ਪਿੰਡ ਮੀਨੀਆਂ, ਮਾਂ ਲਵਜਿੰਦਰ ਕੌਰ, ਭਰਾ ਲਵਪ੍ਰੀਤ ਸਿੰਘ, ਭੈਣ ਕਿਰਨਪ੍ਰੀਤ ਕੌਰ ਤੋਂ ਇਲਾਵਾ ਨਵਜੋਤ ਸਿੰਘ ਵਾਸੀ ਪਿੰਡ ਚਕਰ (ਫੌਜੇਕੇ), ਲਵਪ੍ਰੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਲਰ, ਮਨਦੀਪ ਸਿੰਘ ਉਰਫ ਧਰੁਵ ਵਾਸੀ ਦੌਧਰ ਥਾਣਾ ਜ਼ਿਲ੍ਹਾ ਮੋਗਾ ਅਤੇ ਅਰਸ਼ ਡਾਲਾ ਜਿਲਾ ਮੋਗਾ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਦੀ ਕੜੀ ਜੋੜ ਕੇ ਪੁਲਿਸ ਕਤਲ ਦੀ ਗੁੱਥੀ ਸੁਲਝਾਉਣ ਵੱਲ ਕਦਮ ਵਧਾ ਰਹੀ ਹੈ। ਇੰਸਪੈਕਟਰ ਹਰਜਿੰਦਰ ਸਿੰਘ ਅਨੁਸਾਰ ਲਾਜਵਿੰਦਰ ਕੌਰ ਅਤੇ ਕਿਰਨਪ੍ਰੀਤ ਕੌਰ ਤੋਂ ਪੁੱਛਗਿੱਛ ਦੌਰਾਨ ਅਰਸ਼ ਡਾਲਾ ਦੇ ਪਿਤਾ ਚਰਨਜੀਤ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ।  ਜਿਸ ਕਾਰਨ ਉਸ ਨੂੰ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।  ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 9 ਜਨਵਰੀ ਤੱਕ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।  ਇਸ ਦੌਰਾਨ ਉਸ ਕੋਲੋਂ ਬਾਰਦੇਕੇ ਕਤਲ ਕੇਸ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here