ਬਟਾਲਾ, 16 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੇ ਇਤਿਹਾਸਕ ਸਥਾਨਾਂ ਨੂੰ ਬਰਕਰਾਰ ਰੱਖਣ, ਸਾਂਭ ਸੰਭਾਲ ਕਰਨ ਅਤੇ ਸੁੰਦਰਤਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਪੂਰੇ ਪੰਜਾਬ ਵਿਚੋਂ ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੀ ਚੋਣ ਕੀਤੀ ਗਈ ਹੈ ਅਤੇ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸਦਾ ਨਵੀਨੀਕਰਨ ਕਰਕੇ ਇਸ ਵਿੱਚ ਪਾਣੀ ਭਰਕੇ ਇਸਨੂੰ ‘ਤਾਲਾਬ’ ਦੀ ਦਿੱਖ ਦਿੱਤੀ ਜਾਵੇਗੀ।ਇਸ ਇਤਿਹਾਸਕ ਪਲ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨੋਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਸ਼ਹਿਰ, ਆਪਣੇ ਅੰਦਰ ਅਮੀਰ ਵਿਰਾਸਤ ਸਮੋਈ ਬੈਠਾ ਹੈ ਅਤੇ ਉਨਾਂ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸਦਾ ਸੁੰਦਰੀਕਰਨੀ ਵੀ ਕੀਤਾ ਜਾਵੇ ਅਤੇ ਇਨਾਂ ਦੀ ਪੁਰਾਤਨ ਦਿੱਖ ਵੀ ਬਹਾਲ ਰਹੇ। ਜਿਸਦੇ ਚੱਲਦਿਆਂ ਉਨਾਂ ਵਲੋਂ ਇਸ ਸਬੰਧ ਪਹਿਲਾ ਪੱਤਰ 12 ਮਾਰਚ 2023 ਨੂੰ ਅਤੇ ਦੂਜਾ ਪੱਤਰ 30 ਮਾਰਚ 2023 ਨੂੰ ਸ੍ਰੀ ਗੰਗਾਪੁਰਮ ਕਿਸ਼ਨ ਰੈਡੀ, ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਭਾਰਤ ਸਰਕਾਰ, ਸ੍ਰੀ ਅਰਜੁਨ ਰਾਮ ਮੈਗਵਾਲ, ਮਨਿਸਟਰੀ ਆਫ ਕਲਚਰ ਅਤੇ ਸੰਸਦੀ ਮਾਮਲੇ ਮੰਤਰੀ ਭਾਰਤ ਸਰਕਾਰ ਅਤੇ ਸ੍ਰੀਮਕੀ ਮਿਨਾਕਸ਼ੀ ਲੇਖੀ, ਮਨਿਸਟਰੀ ਆਫ ਕਲਚਰ ਅਤੇ ਵਿਦੇਸ਼ੀ ਮਾਮਲੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਬਟਾਲਾ ਵਿਖੇ ਬਣੇ ਇਤਿਹਾਸਕ ਸਥਾਨਾਂ ਦੀ ਸੁੰਦਰਤਾ ਤੇ ਬਰਕਰਾਰ ਆਦਿ ਰੱਖਣ ਲਈ ਬੇਨਤੀ ਕੀਤੀ ਗਈ ਸੀ। ਉਨਾਂ ਪੱਤਰ ਵਿੱਚ ਜਲ ਮਹਿਲ (ਬਾਂਰਾਦਰੀ) ਦੀ ਮੋਜੂਦਾ ਸਥਿਤੀ ਬਾਰੇ ਫੋਟੋਜ਼ ਸਮੇਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਸੀ ਤੇ ਇਸਦੀ ਪੁਰਾਤਨ ਦਿੱਖ ਬਹਾਲ ਕਰਨ ਦੀ ਬੇਨਤੀ ਕੀਤੀ ਸੀ।ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਉਨਾਂ ਨੂੰ ਖੁਸ਼ੀ ਹੈ ਕਿ ਉਨਾਂ ਵਲੋਂ ਲਿਖੇ ਪੱਤਰਾਂ ਤੇ ਵਿਚਾਰ ਕਰਦਿਆਂ ਬੀਤੇ ਦਿਨੀ ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਦੇ ਅਧਿਕਾਰੀਆਂ ਵਲੋਂ ਜਲ ਮਹਿਲ ਦੀ ਪੁਨਰ ਸੁਰਜੀਤੀ ਤੇ ਸੁੰਦਰੀਕਰਨ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਵਲੋਂ ਜਲ ਮਹਿਲ ਦਾ ਨਵੀਨੀਕਰਨ ਅਤੇ ਜਲ ਮਹਿਲ ਵਿੱਚ ਪਾਣੀ ਭਰਕੇ (ਤਾਲਾਬ) ਸੁੰਦਰ ਬਣਾਉਣ ਦੀ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ ਤਾਂ ਜੋ ਇਸ ਅਮੀਰ ਵਿਰਾਸਤ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਸਕੇ।