ਲੁਧਿਆਣਾ-20 ਅਪ੍ਰੈਲ ( ਬਾਰੂ ਸੱਗੂ) ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ( ਜੇ ਪੀ ਐਮ ਓ) ਦੀ ਮੀਟਿੰਗ ਲੁਧਿਆਣਾ ਵਿਖੇ ਨੌਰਥਨ ਰੇਲਵੇ ਮੈਨ ਯੂਨੀਅਨ ਦੇ ਦਫ਼ਤਰ ਵਿੱਚ ਐਨ ਆਰ ਐਮ ਯੂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਜ਼ਦੂਰ, ਕਿਸਾਨ, ਮੁਲਾਜ਼ਮ, ਔਰਤਾਂ, ਨੌਜਵਾਨਾਂ ਦੀਆਂ ਜਥੇਬੰਦੀਆਂ ਮਿਲ ਕੇ ਇਹ ਦਿਵਸ ਮਨਾਉਣਗੀਆਂ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ।
ਮੀਟਿੰਗ ਦੇ ਫ਼ੈਸਲਿਆਂ ਦੀ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਜੇ ਪੀ ਐਮ ਓ ਦੇ ਜ਼ਿਲ੍ਹਾ ਲੁਧਿਆਣਾ ਦੇ ਕਨਵੀਨਰ ਰਘਵੀਰ ਸਿੰਘ ਬੈਨੀਪਾਲ ਨੇ ਕਿਹਾ ਕਿ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਤੇ ਸੂਬਾ ਸਰਕਾਰ ਵੱਲੋਂ ਮਜ਼ਦੂਰਾਂ ਕਿਸਾਨਾਂ ਤੋਂ ਜੋ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਉਹਨਾਂ ਸਹੂਲਤਾਂ ਨੂੰ ਜਾਰੀ ਰੱਖਵਾਉਣ ਲਈ ਵਿਉਂਤਬੰਦੀ ਕੀਤੀ ਜਾਵੇਗੀ।
ਜਿੱਥੇ ਇਸ ਮੌਕੇ ਤੇ ਸੀ ਟੀ ਯੂ ਪੰਜਾਬ ਦੇ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਸੰਬੋਧਨ ਕਰਨਗੇ, ਉੱਥੇ ਲੋਕ ਪੱਖੀ ਗੀਤ ਸੰਗੀਤ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਨੌਰਥਨ ਰੇਲਵੇ ਮੈਨਸ ਯੂਨੀਅਨ ਦੇ ਘਣਸ਼ਾਮ ਸਿੰਘ, ਜਸਵੀਰ ਸਿੰਘ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੀ ਟੀ ਯੂ ਪੰਜਾਬ ਦੇ ਜ਼ਿਲ੍ਹਾ ਸਕੱਤਰ ਜਗਦੀਸ਼ ਚੰਦ, ਲਾਲ ਝੰਡਾ ਟੈਕਸਟਾਈਲ ਯੂਨੀਅਨ ਦੇ ਆਗੂ ਤਹਿਸੀਲਦਾਰ ਯਾਦਵ, ਪੰਜਾਬ ਸੂਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਸ਼ੰਕਰ ਹਾਜ਼ਰ ਸਨ।