ਧਰਨੇ ਦੀਆਂ ਤਿਆਰੀਆਂ ਕਰਵਾ ਕੇ ਮੌਕੇ ਤੇ ਟਾਲਾ ਵੱਟ ਗਏ ਪ੍ਰਾਪਰਟੀ ਡੀਲਰ
ਜਗਰਾਉਂ, 27 ਜੂਨ ( ਜਗਰੂਪ ਸੋਹੀ )-ਜਗਰਾਉਂ ਕਚਿਹਰੀਆਂ ਅਤੇ ਨਗਰ ਕੌਂਸਲ ਹਮੇਸ਼ਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਪ੍ਰਾਪਰਟੀ ਦੀ ਐਨਓਸੀ ਲੈਣ ਅਤੇ ਰਜਿਸਟਰੀਆਂ ਕਰਵਾਉਣ ਨੂੰ ਲੈ ਕੇ ਹੋ ਰਹੇ ਭਿਙ੍ਰਸ਼ਟਾਚਾਰ ਦੇ ਦੋਸ਼ ਲਗਾ ਕੇ ਜਗਰਾਓਂ ਬਚਾਓ ਮੰਚ ਦੇ ਝੰਡੇ ਹੇਠ ਸਥਾਨਕ ਸਬ ਡਵੀਜ਼ਨਲ ਮੈਜਿਸਟਰੇਟ ਦੇ ਦਫ਼ਤਰ ਬਾਹਰ ਭ੍ਰਿਸ਼ਟਾਚਾਰ ਖ਼ਿਲਾਫ਼ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ’ਚ ਕਾਂਗਰਸ ਨਾਲ ਸਬੰਧਤ ਆਗੂਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਮੰਚ ਦੇ ਪ੍ਰਧਾਨ ਰਛਪਾਲ ਸਿੰਘ ਚੀਮਨਾ ਦੀ ਅਗਵਾਈ ਹੇਠ ਦਿੱਤੇ ਧਰਨੇ ’ਚ ਕਾਂਗਰਸੀ ਆਗੂ ਪ੍ਰੀਤਮ ਸਿੰਘ ਅਖਾੜਾ, ਦਰਸ਼ਨ ਸਿੰਘ ਲੱਖਾ, ਤੇਜਪ੍ਰਕਾਸ਼ ਸਿੰਘ ਲੰਮੇ, ਪ੍ਰੇਮ ਲੋਹਟ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਸੰਬੋਧਨ ਕਰਦਿਆਂ ਪ੍ਰਧਾਨ ਰਛਪਾਲ ਸਿੰਘ ਚੀਮਨਾ ਅਤੇ ਸਕੱਤਰ ਪ੍ਰੀਤਮ ਸਿੰਘ ਅਖਾੜਾ ਨੇ ਕਿਹਾ ਕਿ ਰਜਿਸਟਰੀਆਂ ਕਰਨ ’ਚ ਇਥੇ ਭਾਰੀ ਭ੍ਰਿਸ਼ਟਾਚਾਰ ਤਾਂ ਹੋ ਹੀ ਰਿਹਾ ਹੈ ਉਸਦੇ ਨਾਲ ਲੋਕਾਂ ਨੂੰ ਖੁਆਰ ਕੀਤਾ ਜਾਂਦਾ ਹੈ। ਅਸ਼ਟਾਮ ਪੇਪਰਾਂ ਵਿਚ ਭਾਰੀ ਬਲੈਕ ਦਾ ਵੀ ਪਰਦਾਫਾਸ਼ ਕੀਤਾ ਗਿਆ। ਐਨਓਸੀ ਦੀ ਆੜ ’ਚ ਵੱਧ ਭ੍ਰਿਸ਼ਟਾਚਾਰ ਹੋ ਰਿਹਾ ਹੈ। ਆਮ ਲੋਕਾਂ ਨੂੰ ਐਨਓਸੀ ਲਿਆਉਣ ਲਈ ਕਿਹਾ ਜਾਂਦਾ ਹੈ ਪਰ ਜੋ ’ਰਿਸ਼ਵਤ’ ਦੇ ਦਿੰਦਾ ਹੈ ਉਸਦੀ ਬਿਨਾਂ ਐਨਓਸੀ ਵੀ ਰਜਿਸਟਰੀ ਹੋ ਜਾਂਦੀ ਹੈ। ਇਸੇ ਦੀ ਆੜ ’ਚ ਨਗਰ ਕੌਂਸਲ ਵਾਲੇ ਵੀ ਰਿਸ਼ਵਤਖੋਰੀ ’ਚ ਹੱਥ ਰੰਗ ਰਹੇ ਹਨ। ਸਰਕਾਰੀ ਦਾਅਵਿਆਂ ਦੇ ਉਲਟ ਭ੍ਰਿਸ਼ਟਾਚਾਰ ਚੁਫੇਰੇ ਫੈਲਿਆ ਹੋਇਆ ਹੈ। ਸਭ ਤੋਂ ਮਾੜਾ ਹਾਲ ਮਾਲ ਮਹਿਕਮੇ ਅਤੇ ਨਗਰ ਕੌਂਸਲ ਦਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਅੱਜ ਦਾ ਧਰਨਾ ਸਿਰਫ ਸੰਕੇਤਕ ਹੈ। ਪ੍ਰਧਾਨ ਚੀਮਨਾ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਲੀ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਰਿਸ਼ਵਤਖੋਰੀ ਬੰਦ ਨਾ ਹੋਣ ’ਤੇ ਉਹ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਮੌਕੇ ਸੁਖਦੇਵ ਸਿੰਘ ਡੱਲਾ ਸਣੇ ਕੁਝ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਉਹ ਬਦਲਾਅ ਦੀ ਆਸ ਕਰਕੇ ’ਆਪ’ ਨਾਲ ਜੁੜ ਰਹੇ। ਪਰ ਪਾਰਟੀ ਨੇ ਸੱਤਾ ’ਚ ਆਉਣ ਤੋਂ ਬਾਅਦ ਰਵਾਇਤੀ ਪਾਰਟੀਆਂ ਤੋਂ ਹਟ ਕੇ ਕੁਝ ਨਹੀਂ ਕੀਤਾ। ਜਿਸ ਕਰਕੇ ਉਹ ਵੀ ਧਰਨੇ ’ਚ ਸ਼ਾਮਲ ਹੋਏ ਹਨ। ਇਸ ਮੌਕੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੂੰ ਮੰਗ-ਪੱਤਰ ਸੌਂਪਿਆ ਗਿਆ। ਇਸ ’ਚ ਰਿਸ਼ਵਤਖੋਰੀ ਬੰਦ ਕਰਨ ਅਤੇ ਰਜਿਸਟਰੀਆਂ ਲਿਖਣ ਦੇ ਰੇਟ ਵਾਲੇ ਬੋਰਡ ਲਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਅਸ਼ੋਕ ਸੰਗਮ, ਜਿੰਦਰ ਸਿੰਘ ਦੇਹੜਕਾ, ਸਤਵੰਤ ਸਿੰਘ ਤਿਹਾੜਾ, ਹਰਦੇਵ ਸਿੰਘ ਘੋਨਾ, ਕਿਸਾਨ ਆਗੂ ਗੁਰਚਰਨ ਸਿੰਘ ਅਖਾੜਾ, ਮਹਿੰਗਾ ਸਿੰਘ ਮੀਰਪੁਰ ਹਾਂਸ, ਅਮਰ ਸਿੰਘ ਭੰਮੀਪੁਰਾ, ਅਰਜਨ ਸਿੰਘ ਸ਼ੇਰਪੁਰਾ, ਜਗਸੀਰ ਸਿੰਘ ਕਲੇਰ, ਬਲਦੇਵ ਸਿੰਘ ਚਕਰ ਆਦਿ ਹਾਜ਼ਰ ਸਨ।
ਪ੍ਰਾਪਰਟੀ ਡੀਲਰ ਐਸੋਸੀਏਸ਼ਨ ਰਹੀ ਚਰਚਾ ਵਿਚ-
ਇਸ ਮੌਕੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਖੂਬ ਚਰਚਾ ਦਾ ਵਿਸ਼ਾ ਬਣੀ ਰਹੀ। ਸਮੇਂ ਸਮੇਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੀ ਐਸੋਸੀਏਸ਼ਨ ਨੇ ਕਚਿਹਰੀਆਂ ਅਤੇ ਨਗਰ ਕੌਂਸਲ ਵਿਚ ਹੋ ਰਹੀ ਲੁੱਟ ਸੰਬੰਧੀ ਲਗਾਏ ਜਾਣ ਵਾਲੇ ਧਰਨੇ ਨੂੰ ਡਟਵੀਂ ਹਮਾਇਤ ਦੇਣ ਅਤੇ ਧਰਨੇ ’ਚ ਸ਼ਮੂਲੀਅਤ ਦਾ ਜਨਤਕ ਐਲਾਨ ਕੀਤਾ ਸੀ ਅਤੇ ਧਰਨੇ ਨੂੰ ਸਫਲ ਬਨਾਉਣ ਲਈ ਤਿਆਰੀਆਂ ਵੀ ਕੀਤੀਆਂ ਸਨ। ਪਰ ਜਦੋਂ ਧਰਨਾ ਲਗਾਇਆ ਗਿਆ ਤਾਂ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਧਰਨੇ ਵਿਚ ਸ਼ਾਮਲ ਹੋਣ ਲਈ ਨਹੀਂ ਪਹੁੰਚਿਆ। ਜਿਸਦੀ ਮੌਕੇ ਤੇ ਪੁਰਜ਼ੋਰ ਨਿੰਦਾ ਵੀ ਕੀਤੀ ਗਈ ਅਤੇ ਐਸੋਸੀਏਸ਼ਨ ਨੂੰ ਨਿਸ਼ਾਨੇ ਤੇ ਵੀ ਲਿਆ ਗਿਆ। ਇਸ ਕਾਰਨ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਖੂਬ ਚਰਚਾ ਵਿਚ ਰਹੀ।
ਕੀ ਕਹਿਣਾ ਹੈ ਐਸਡੀਐਮ ਦਾ-
ਇਸ ਧਰਨੇ ਵਿਚ ਨਗਰ ਕੌਂਸਲ ਅਤੇ ਕਚਿਹਰੀਆਂ ਵਿਛ ਫੈਲੇ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਸੰਬੰਧੀ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਸੰਬੰਧਤ ਅਧਿਕਾਰੀ ਛੁੱਟੀ ਤੇ ਹਨ। ਉਨ੍ਹਾਂ ਦੇ ਆਉਣ ਤੇ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਉਨ੍ਹੰ ਦਾ ਇਸ ਸੰਬੰਧੀ ਪੱਖ ਜਾਣਿਆ ਜਾਵੇਗਾ ਅਤੇ ਗਹਿਰਾਈ ਨਾਲ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਕਚਿਹਰੀਆਂ ਵਿਚ ਅਸਟਾਮ ਪੇਪਰਾਂ ਦੀ ਹੋ ਰਹੀ ਬਲੈਕ ਨੂੰ ਰੋਕਣ ਲਈ ਉਨ੍ਹਾਂ ਕਚਿਹਰੀ ਦੇ ਸਾਰੇ ਅਸਟਾਮ ਫਰੋਸ਼ਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਖਤ ਤਾੜਣਾ ਦੇਣ ਦਾ ਙਰੋਸਾ ਵੀ ਦਵਾਇਆ।