ਜਗਰਾਉਂ, 20 ਅਪ੍ਰੈਲ ( ਰਾਜੇਸ਼ ਜੈਨ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਅੱਗੇ ਸਪਲਾਈ ਕਰਨ ਜਾ ਰਹੇ ਸੀ। ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਚੈਕਿੰਗ ਲਈ ਪਿੰਡ ਸਵੱਦੀ ਖੁਰਦ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ ਬਬਲੂ ਅਤੇ ਖੁਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਫਿਰੋਜਬਾਲ ਬੱਲਾ ਥਾਣਾ ਧਰਮਕੋਟ ਜ਼ਿਲਾ ਮੋਗਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਕਰਨ ਲਈ ਜਲਾਲਾਬਾਦ ਕੋਕਰੀ ਕਲਾਂ ਵਾਲੇ ਪਾਸੇ ਤੋਂ ਮੁੱਖ ਮਾਰਗ ਜਗਰਾਉਂ ਵੱਲ ਆ ਰਹੇ ਸਨ। ਇਸ ਸੂਚਨਾ ’ਤੇ ਟੀ ਪੁਆਇੰਟ ਅਮਰਗੜ੍ਹ ਕਲੇਰ ’ਤੇ ਨਾਕਾਬੰਦੀ ਕਰਕੇ ਬਲਵਿੰਦਰ ਸਿੰਘ ਅਤੇ ਖੁਸ਼ਦੀਪ ਸਿੰਘ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।