Home Uncategorized ਡਿਪਟੀ ਕਮਿਸ਼ਨਰ ਵੱਲੋਂ ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਸਬ-ਡਿਵੀਜ਼ਨਲ ਕਮੇਟੀਆਂ ਦਾ...

ਡਿਪਟੀ ਕਮਿਸ਼ਨਰ ਵੱਲੋਂ ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਸਬ-ਡਿਵੀਜ਼ਨਲ ਕਮੇਟੀਆਂ ਦਾ ਗਠਨ

73
0

ਮੋਗਾ, 24 ਜਨਵਰੀ ( ਅਸ਼ਵਨੀ) -ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਅਕਸਰ ਅਤੇ ਖਾਸ ਕਰਕੇ ਬਸੰਤ ਪੰਚਮੀ ਦੇ ਮੌਕੇ ਤੇ ਕਾਫ਼ੀ ਮਾਤਾਰ ਵਿੱਚ ਪਤੰਗਾਂ ਉਡਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਪਤੰਗਾਂ ਲਈ ਚਾਈਨਾ ਡੋਰ ਵੀ ਵਰਤੋਂ ਕਾਫ਼ੀ ਮਾਤਰਾ ਵਿੱਚ ਕੀਤੀ ਜਾਂਦੀ ਹੈ ਜੋ ਕਿ ਸੰਥੈਟਿਕ/ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਕਾਫ਼ੀ ਮਜ਼ਬੂਤ ਹੁੰਦੀ ਹੈ ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟਣ, ਸਾਈਕਲ ਅਤੇ ਸਕੂਟਰ ਮੋਟਰ ਸਾਈਕਲ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਅਜਿਹੀ ਹਾਲਤ ਵਿੱਚ ਐਕਸੀਡੈਂਟ ਹੋਣ ਦਾ ਵੀ ਡਰ ਹੁੰਦਾ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ਵਿੱਚ ਫਸੇ ਪੰਛੀਆਂ ਦੀ ਮੌਤ ਹੋ ਜਾਣ ‘ਤੇ ਉਨ੍ਹਾਂ ਦੇ ਰੁੱਖਾਂ ‘ਤੇ ਟੰਗੇ ਰਹਿਣ ਕਾਰਣ ਬਦਬੂ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਇਸ ਸੰਥੈਟਿਕ/ਪਲਾਸਟਿਕ ਦੀ ਬਣੀ ਚਾਈਨਾ ਡੋਰ ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾ ਡੋਰ) ਨੂੰ ਵਰਤਣ, ਵੇਚਣ, ਸਟੋਰ ਕਰਨ ‘ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕਣ ਦੀ ਅਤਿਅੰਤ ਲੋੜ ਹੈ। ਉਕਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੋਗਾ ਵਿੱਚ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਬ ਡਿਵੀਜ਼ਨਲ ਪੱਧਰੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇਨ੍ਹਾਂ ਕਮੇਟੀਆਂ ਵਿੱਚ ਸਬੰਧਤ ਡਿਵੀਜ਼ਨਾਂ ਦੇ ਉਪ ਕਪਤਾਨ ਪੁਲਿਸ, ਨਗਰ ਪੰਚਾਇਤਾਂ/ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਪ ਮੰਡਲ ਅਫ਼ਸਰ ਮੌਜੂਦ ਹਨ। ਇਹ ਕਮੇਟੀਆਂ ਮੋਗਾ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਜਿਵੇਂ ਕਿ ਮੋਗਾ, ਬਾਘਾਪੁਰਾਣਾ, ਧਰਮਕੋਟ, ਨਿਹਾਲ ਸਿੰਘ ਵਾਲਾ ਵਿਖੇ, ਜ਼ਮੀਨੀ ਪੱਧਰ ਦੀ ਚੈਕਿੰਗ ਅਤੇ ਕਾਰਵਾਈ ਲਈ ਗਠਿਤ ਕਰ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਮੇਟੀਆਂ ਆਪਸ ਵਿੱਚ ਤਾਲਮੇਲ ਕਰਕੇ ਵੱਖ ਵੱਖ ਸਥਾਨਾਂ ‘ਤੇ ਚੈਕਿੰਗ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਜ਼ਿਲ੍ਹਾ ਮੋਗਾ ਅੰਦਰ ਚਾਈਨਾ ਡੋਰ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲੱਗ ਸਕੇ। ਇਹ ਕਮੇਟੀਆਂ ਚੈਕਿੰਗ ਦੌਰਾਨ ਜ਼ਬਤ ਕੀਤੀ ਗਈ ਚਾਈਨਾ ਡੋਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ, ਚਾਈਨਾ ਡੋਰ ਨੂੰ ਬਣਾਉਣ/ਵੇਚਣ/ਖਰੀਦਣ ਵਾਲਿਆਂ ਉੱਪਰ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕਰੇਗੀ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ‘ਤੇ ਬਾਜ ਅੱਖ ਰੱਖਣ ਤਾਂ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਕਿਸੇ ਵੀ ਹਾਦਸੇ ਦਾ ਸ਼ਿਕਾਰ ਨਾ ਤਾਂ ਖੁਦ ਬਣਨ ਅਤੇ ਨਾ ਹੀ ਕਿਸੇ ਹੋਰ ਮਨੁੱਖ ਜਾਂ ਪੰਛੀ ਦੀ ਜਾਨ ਨੂੰ ਜੋਖਮ ਵਿੱਚ ਪਾਉਣ। ਉਨ੍ਹਾਂ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਖਤ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਚਾਈਨਾ ਡੋਰ ਨੂੰ ਵਰਤਣ/ਬਣਾਉਣ ਜਾਂ ਸਟੋਰ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here