ਜਗਰਾਓਂ, 20 ਅਪ੍ਰੈਲ ( ਭਗਵਾਨ ਭੰਗੂ ਲਿਕੇਸ਼ ਸ਼ਰਮਾਂ )- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਨੂੰ ਅਮਨ-ਸ਼ਾਂਤੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਇਲਾਕੇ ਅੰਦਰ ਪੁਲਿਸ ਵੱਲੋਂ ਕੀਤੀ ਗਈ ਚੌਕਸੀ ਚੈਕਿੰਗ ਦੌਰਾਨ ਜਿਥੇ ਇਲਾਕੇ ਵਿਚ ਅਸਲਾ ਲਾਇਸੰਸ ਧਾਰਕਾਂ ਤੋਂ ਵੱਡੀ ਮਾਤਰਾ ’ਚ ਅਸਲਾ ਜਮ੍ਹਾਂ ਕਰਵਾਉਣ ’ਚ ਸਫਲਤਾ ਹਾਸਲ ਕੀਤੀ ਗਈ ਉਥੇ ਹੀ ਲੱਖਾਂ ਰੁਪਏ ਦੀ ਨਕਦੀ ਤੇ ਨਸ਼ੀਲੇ ਪਦਾਰਥ ਵੱਡੀ ਮਾਤਰਾ ਵਿਚ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਲਾਇਸੈਂਸ ਧਾਰਕਾਂ ਕੋਲ 8629 ਅਸਲਾ ਲਾਇਸੰਸ ਹਨ। ਜਿਨਾਂ ਕੋਲ ਕੁੱਲ 9525 ਹਥਿਆਰ ਹਨ। ਇਨ੍ਹਾਂ ’ਚੋਂ 7043 (73.40 ਫੀਸਦੀ) ਹਥਿਆਰ ਜਮ੍ਹਾਂ ਕਰਵਾ ਲਏ ਗਏ ਹਨ ਅਤੇ ਬਾਕੀ ਹਥਿਆਰ ਜਮ੍ਹਾਂ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਪਾਰਟੀਆਂ ਵੱਲੋਂ ਚੈਕਿੰਗ ਦੌਰਾਨ 57 ਲੱਖ 23 ਹਜ਼ਾਰ 850 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੁਲਿਸ ਵੱਲੋਂ ਸਥਾਨਕ ਅਤੇ ਵਿਸ਼ੇਸ਼ ਕਾਨੂੰਨ ਤਹਿਤ ਐਨਡੀਪੀਐਸ ਐਕਟ ਤਹਿਤ 31 ਕੇਸ ਦਰਜ ਕੀਤੇ ਗਏ ਅਤੇ 45 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ 5 ਕਿਲੋ 290 ਗ੍ਰਾਮ ਅਫੀਮ, 460 ਬੂਟੇ (18 ਕਿਲੋ 780 ਗ੍ਰਾਮ) ਭੁੱਕੀ , 584.5 ਗ੍ਰਾਮ ਹੈਰੋਇਨ, 3125 ਨਸ਼ੀਲੀਆਂ ਗੋਲੀਆਂ, 260 ਕੈਪਸੂਲ, 2 ਲੱਖ 89 ਹਜ਼ਾਰ 500 ਰੁਪਏ ਡਰੱਗ ਮਣੀ, 13 ਚੋਰੀ ਦੇ ਮੋਟਰ ਸਾਇਕਲ ਅਤੇ 8 ਕਾਰ/ਜੀਪ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ 525.750 ਲੀਟਰ ਨਾਜਾਇਜ਼ ਸ਼ਰਾਬ, 405 ਲੀਟਰ ਦੇਸੀ ਸ਼ਰਾਬ, 168.340 ਲੀਟਰ ਲਾਹਣ, ਤਿੰਨ ਨਜਾਇਜ ਸ਼ਰਾਬ ਕੱਢਣ ਵਾਲੀਆਂ ਭੱਠੀਆਂ, ਪੰਜ ਮੋਟਰਸਾਈਕਲ ਅਤੇ ਇੱਕ ਕਾਰ/ਜੀਪ ਬਰਾਮਦ ਕੀਤੀ ਗਈ ਹੈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਪੁਲੀਸ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਇਲਾਕਿਆਂ ’ਚ ਫਲੈਗ ਮਾਰਚ ਕੱਢ ਕੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਅਤੇ ਨਾਕਾਬੰਦੀ ਦੌਰਾਨ ਪੂਰੇ ਇਲਾਕੇ ਨੂੰ ਸੀਲ ਕਰਕੇ ਜ਼ੋਰਦਾਰ ਚੈਕਿੰਗ ਮੁਹਿੰਮ ਜਾਰੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਹੀਂ ਦੇ ਸਕੇ। ਉਨ੍ਹਾਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਲਈ ਵੀ ਕਿਹਾ। ਜੇਕਰ ਕੋਈ ਸ਼ੱਕੀ ਜਾਂ ਸ਼ਰਾਰਤੀ ਵਿਅਕਤੀ ਉਨ੍ਹਾਂ ਦੇ ਧਿਆਨ ’ਚ ਆਉਂਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ।