ਲੁਧਿਆਣਾ , 18 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਪਿੰਡ ਭੋਰਾ ਇਲਾਕੇ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਦੋ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇ ਬਾਕੀ ਦੇ ਤਿੰਨ ਮੈਂਬਰ ਗੰਭੀਰ ਹਾਲਤ ‘ਚ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਕ ਬੱਚੀ ਦੇ ਮਾਮੂਲੀ ਸੱਟਾਂ ਆਈਆਂ ਹਨ। ਆਸ ਪਾਸ ਦੇ ਲੋਕਾਂ ਦੇ ਦੱਸਣ ਮੁਤਾਬਿਕ ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਵਿਹੜੇ ਦੇ ਬਣੇ ਇਕ ਕਮਰੇ ‘ਚ ਰਹਿ ਰਿਹਾ ਸੀ। ਗਾਰਡਰ-ਬਾਲਿਆਂ ਦੀ ਛੱਤ ਹੋਣ ਕਾਰਨ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਵੇਰੇ ਚਾਰ ਵਜੇ ਦੇ ਕਰੀਬ ਘਰ ਦੀ ਛੱਤ ਗਿਰ ਗਈ ਜਿਸ ਵਿਚ ਪਰਿਵਾਰ ਦੇ ਛੇ ਮੈਂਬਰ ਸਨ ਜਿਸ ਤੋਂ ਬਾਅਦ ਆਸ ਪਾਸ ਦੇ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਤੇ ਨੇੜੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿਚੋਂ ਦੋ ਪਰਿਵਾਰਕ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਿਨ੍ਹਾਂ ਵਿਚ ਇਕ ਦੋ ਸਾਲ ਦੀ ਮਾਸੂਮ ਬੱਚੀ ਤੇ 22 ਸਾਲਾ ਸ਼ਖ਼ਸ ਚਾਚਾ-ਭਤੀਜੀ ਦੱਸੇ ਜਾ ਰਹੇ ਹਨ। ਹਸਪਤਾਲ ‘ਚ ਦਾਖ਼ਲ ਜ਼ਖ਼ਮੀਆਂ ਦੀ ਪਛਾਣ 35 ਸਾਲਾ ਵਿਜੈ ਕੁਮਾਰ, ਉਸ ਦੀ ਪਤਨੀ ਮਧੂ (32) ਤੇ 4 ਸਾਲਾ ਬੇਟੀ ਰੋਸ਼ਨੀ ਦੇ ਰੂਪ ‘ਚ ਹੋਈ ਹੈ।ਗੱਲਬਾਤ ਕਰਦਿਆਂ ਥਾਣਾ ਸਲੇਮ ਟਾਬਰੀ ਦੇ ਐਸਐਚਓ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਸਵੇਰੇ ਚਾਰ ਵਜੇ ਦਾ ਮਾਮਲਾ ਹੈ ਕਿ ਕਿਰਾਏ ‘ਤੇ ਰਹਿ ਰਹੇ ਪਰਿਵਾਰ ਦੇ ਛੇ ਮੈਂਬਰ ਘਰ ਦੇ ਅੰਦਰ ਸਨ ਕੀ ਗਾਰਡਰ ਬਾਲਿਆਂ ਦੀ ਬਣੀ ਛੱਤ ਇਕਦਮ ਡਿੱਗ ਗਈ ਜਿਸ ਤੋਂ ਬਾਅਦ ਦੋ ਪਰਿਵਾਰਕ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
