ਜਗਰਾਉਂ, 20 ਜੂਨ ( ਬੌਬੀ ਸਹਿਜਲ, ਧਰਮਿੰਦਰ )-ਵੱਖ-ਵੱਖ ਪੁਲਿਸ ਪਾਰਟੀਆਂ ਨੇ 4 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 1 ਕਿਲੋ ਅਫੀਮ ਅਤੇ 200 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਪਾਰਟੀ ਨੇ ਇਕ ਮਹਿੰਦਰਾ ਗੱਡੀ ’ਚ 1 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਪਾਲ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਚੁੰਗੀ ਨੰਬਰ ਪੰਜ ਜਗਰਾਉਂ ਵਿਖੇ ਮੌਜੂਦ ਸੀ। ਉੱਥੇ ਇਤਲਾਹ ਮਿਲੀ ਕਿ ਅਜੇ ਸਿੰਘ ਵਾਸੀ ਮੁਹੱਲਾ ਹਨੂੰਮਾਨ ਕਲੋਨੀ ਰੋਹਤਕ ਹਰਿਆਣਾ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਅਫੀਮ ਲਿਆ ਕੇ ਜਗਰਾਓਂ ਇਲਾਕੇ ਵਿਚ, ਇਸ ਦੇ ਆਸ-ਪਾਸ ਦੇ ਪਿੰਡਾਂ, ਜੀ ਟੀ ਰੋਡ ਤੇ ਸਥਿਤ ਢਾਬਿਆਂ ਅਤੇ ਢਾਬਿਆਂ ਤੇ ਖੜ੍ਹਣ ਵਾਲੇ ਟਰੱਕ ਡਰਾਈਵਰਾਂ ਨੂੰ ਵੇਚਣ ਦਾ ਧੰਦਾ ਕਰਦਾ ਹੈ। ਅਜੈ ਸਿੰਘ ਰਾਏਕੋਟ ਵਾਲੇ ਪਾਸੇ ਤੋਂ ਜਗਰਾਉਂ ਆਪਣੀ ਕਾਰ ਵਿੱਚ ਗਾਹਕਾਂ ਨੂੰ ਅਫੀਮ ਸਪਲਾਈ ਕਰਨ ਲਈ ਆ ਰਿਹਾ ਹੈ। ਇਸ ਸੂਚਨਾ ’ਤੇ ਰਾਏਕੋਟ-ਜਗਰਾਉਂ ਰੋਡ ’ਤੇ ਸਾਇੰਸ ਕਾਲਜ ਨੇੜੇ ਨਾਕਾਬੰਦੀ ਕਰਕੇ ਅਜੈ ਸਿੰਘ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਪੁਲੀਸ ਚੌਕੀ ਪਿੰਡ ਕਾਉਂਕੇ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੂਹੜਚੱਕ ਰੋਡ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਪਿੰਡ ਕਾਉਂਕੇ ਕਲਾਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉੱਥੇ ਪਿੰਡ ਚੂਹੜਚੱਕ ਵਾਲੇ ਪਾਸੇ ਤੋਂ ਦੋ ਲੜਕੇ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿਤੇ। ਪੁਲੀਸ ਪਾਰਟੀ ਦਾ ਨਾਕਾ ਦੇਖ ਕੇ ਉਨ੍ਹਾਂ ਮੋਟਰਸਾਈਕਲ ਨੂੰ ਪਿੱਛੇ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਟਰਸਾਈਕਲ ਬੰਦ ਹੋ ਗਿਆ। ਪਿੱਛੇ ਬੈਠੇ ਵਿਅਕਤੀ ਦੇ ਹੱਥ ਵਿਚ ਨੇ ਲਿਫ਼ਾਫ਼ਾ ਫੜਿਆ ਹੋਇਆ ਸੀ। ਦੋਵਾਂ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਪਿੰਡ ਡਾਲਾ, ਜ਼ਿਲ੍ਹਾ ਮੋਗਾ ਅਤੇ ਪਵਨਦੀਪ ਸਿੰਘ ਵਾਸੀ ਮਹਿਰੋ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪਕੜੇ ਹੋਏ ਲਿਫਾਫੇ ਵਿਚੋਂ ਸੌ ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ। ਥਾਣਾ ਹਠੂਰ ਦੇ ਸਬ ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਚੈਕਿੰਗ ਲਈ ਚੱਕਰ ਰੋਡ ’ਤੇ ਮੌਜੂਦ ਸਨ। ਉਥੇ ਚੱਕਰ ਵਾਲੇ ਪਾਸਿਓਂ ਮੋਟਰਸਾਈਕਲ ਸਵਾਰ ਨੌਜਵਾਨ ਆ ਰਿਹਾ ਸੀ। ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਘਬਰਾ ਕੇ ਉਸ ਨੇ ਆਪਣੀ ਪੈਂਟ ਦੀ ਜੇਬ ਵਿਚ ਹੱਥ ਪਾ ਕੇ ਉਸ ਵਿਚੋਂ ਲਿਫਾਫਾ ਕੱਢ ਕੇ ਸੜਕ ’ਤੇ ਸੁੱਟ ਦਿੱਤਾ। ਪੁਲਿਸ ਪਾਰਟੀ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ। ਜਿਸ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੱਗੂ ਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਜਲਾਲਦੀਵਾਲ ਰੋਡ ਰਾਏਕੋਟ ਵਜੋਂ ਹੋਈ ਹੈ। ਇਸ ਵਲੋਂ ਸੜਕ ਤੇ ਸੁੱਟੇ ਗਏ ਲਿਫਾਫੇ ਵਿਚੋਂ ਸੌ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।