ਨਵੀਂ ਦਿੱਲੀ 18 ਜੂਨ ( ਬਿਊਰੋ)-: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿੰਗਲ ਯੂਜ਼ ਪਲਾਸਟਿਕ (SUP) ‘ਤੇ ਪਾਬੰਦੀ ਨੂੰ ਯਕੀਨੀ ਬਣਾਉਣ ਲਈ ਸਖ਼ਤ ਰੁਖ ਅਪਣਾਇਆ ਹੈ। ਜੇਕਰ 1 ਜੁਲਾਈ ਤੋਂ ਕਿਸੇ ਵੀ ਦੁਕਾਨ ‘ਤੇ ਸਿੰਗਲ ਯੂਜ਼ ਪਲਾਸਟਿਕ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਭਰਨਾ ਪਵੇਗਾ। ਸੀਪੀਸੀਬੀ ਨੇ ਬੋਰਡ ਨੂੰ ਸਾਰੀਆਂ ਥਾਵਾਂ ‘ਤੇ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ।ਸੀਪੀਸੀਬੀ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜੇਕਰ ਕੋਈ ਕਿਸੇ ਦੁਕਾਨ ‘ਚ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਟਰੇਡ ਲਾਇਸੈਂਸ ਰੱਦ ਕਰ ਦਿੱਤਾ ਜਾਵੇ। ਰੱਦ ਕਰਨ ਤੋਂ ਬਾਅਦ, ਆਪਰੇਟਰ ਨੂੰ ਦੁਬਾਰਾ ਨਵਾਂ ਟਰੇਡ ਲਾਇਸੈਂਸ ਲੈਣਾ ਪਵੇਗਾ। ਇਸ ਦੇ ਨਾਲ ਹੀ ਉਸ ‘ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।ਸੀਪੀਸੀਬੀ ਨੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਤੇ ਉਨ੍ਹਾਂ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਲਈ ਜੁਰਮਾਨਾ ਵੀ ਨਿਰਧਾਰਤ ਕੀਤਾ ਹੈ। ਜਿਨ੍ਹਾਂ ਦੀ ਦੁਕਾਨ ‘ਤੇ ਪਹਿਲੀ ਵਾਰ ਐੱਸਯੂਪੀ ਸਾਮਾਨ ਮਿਲਦਾ ਹੈ ਉਨ੍ਹਾਂ ਨੂੰ 500 ਰੁਪਏ, ਦੂਜੀ ਵਾਰ ਇਕ ਹਜ਼ਾਰ ਰੁਪਏ ਤੇ ਤੀਜੀ ਵਾਰ 2,000 ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਹੈ।ਇੰਸਟੀਟਿਊਸ਼ਨਲ ਪੱਧਰ ‘ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਪਹਿਲੀ ਵਾਰ ਪੰਜ ਹਜ਼ਾਰ, ਦੂਸਰੀ ਵਾਰ 10 ਤੇ ਤੀਸਰੀ ਵਾਰ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਨਾਲ ਹੀ ਇਸ ਤੋਂ ਇਲਾਵਾ ਪਲਾਸਟਿਕ ਬੈਗ ਬਣਾਉਣ ਵਾਲੀਆਂ ਕੰਪਨੀਆਂ ‘ਤੇ ਪ੍ਰਤੀ ਟਨ ਪਹਿਲੀ ਵਾਰ ਪੰਜ ਹਜ਼ਾਰ, ਦੂਸਰੀ ਵਾਰ 10 ਤੇ ਤੀਸਰੀ ਵਾਰ 20 ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਜਾਵੇਗਾ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਸਬੰਧੀ ਸ਼ਿਕਾਇਤ ਲਈ ਇਕ ਐਪ ਵੀ ਲਾਂਚ ਕੀਤਾ ਹੈ ਜਿਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਜ਼ਰੀਏ ਲੋਕ ਐੱਸਯੂਪੀ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਇਕ ਅਧਿਐਨ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਿੰਗਲ ਯੂਜ਼ ਪਲਾਸਟਿਕ ਵੇਸਟ ‘ਚ ਸ਼ੈਂਪੂ, ਬਾਡੀ ਵਾਸ਼, ਪੈੱਨ, ਬੋਤਲ, ਟਿਊਬਾਂ ਆਦਿ ਦੀ ਮਾਤਰਾ ਬਹੁਤ ਜ਼ਿਆਦਾ ਹੈ। ਟੌਕਸਿਕ ਲਿੰਕ ਅਨੁਸਾਰ ਪਲਾਸਟਿਕ ਲੈਂਡਫਿਲ ਸਾਈਟ ‘ਚ ਪਈ ਮਿੱਟੀ, ਪਾਣੀ ਆਦਿ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਦੇ ਨਾਲ ਹੀ ਰੀਸਾਈਕਲਿੰਗ ਪਲਾਂਟ ਤਕ ਸਿਰਫ 20 ਫੀਸਦੀ ਹਿੱਸਾ ਹੀ ਪਹੁੰਚਦਾ ਹੈ।