ਵਿਧਾਇਕ ਦੇ ਘਰ ਦਾ ਕੀਤਾ ਘਿਰਾਓ ਜਗਰਾਉਂ , 27 ਮਈ ( ਭਗਵਾਨ ਭੰਗੂ, ਜਗਰੂਪ ਸੋਹੀ )-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਜ਼ਿਲਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜ਼ਿਲਾ ਪ੍ਰਧਾਨ ਗੁਰਅੰਮਿਰਤ ਕੌਰ ਲੀਹਾਂ ਅਤੇ ਬਲਾਕ ਸਿੱਧਵਾਂ ਬੇਟ ਪ੍ਰਧਾਨ ਮਨਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕੀਤਾ ਅਤੇ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੌਕੇ ਬੋਲਦਿਆਂ ਯੂਨੀਅਨ ਦੀਆਂ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ । ਇਸੇ ਤਰ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿੱਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ । ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27 ਹਜ਼ਾਰ ਆਂਗਣਵਾੜੀ ਵਰਕਰਾਂ ਹਨ । ਪਰ ਸਰਕਾਰੀ ਇਮਾਰਤਾਂ ਸਿਰਫ 8 ਕੁ ਹਜ਼ਾਰ ਹੀ ਹਨ ਤੇ 19 ਹਜ਼ਾਰ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਹੀ ਨਹੀਂ ਹਨ । ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿਧਰੇ ਥਾਂ ਹੀ ਨਹੀਂ ਹੈ । ਪਹਿਲਾਂ ਵਾਲੇ ਸੈਂਟਰ ਵੀ ਕੰਢਮ ਹੋ ਚੁੱਕੀਆਂ ਧਰਮਸ਼ਾਲਾਵਾਂ ਵਿੱਚ ਚੱਲ ਰਹੇ ਹਨ ਤੇ ਇਕ ਆਂਗਣਵਾੜੀ ਸੈਂਟਰ ਵਿੱਚ ਕਈ ਵਰਕਰਾਂ ਤੇ ਹੈਲਪਰਾਂ ਬੈਠਦੀਆਂ ਹਨ । ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਵਾਪਸ ਲਵੇ । ਇਸ ਸਮੇਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਮ ਵਿਧਾਇਕ ਰਾਹੀਂ ਮੰਗ ਪੱਤਰ ਭੇਜਿਆ ਗਿਆ ।ਇਸ ਮੌਕੇ ਵੱਡੀ ਗਿਣਤੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਦਿ ਆਗੂ ਮੌਜੂਦ ਸਨ ।