ਜਗਰਾਉਂ, 24 ਦਸੰਬਰ ( ਰਾਜੇਸ਼ ਜੈਨ, ਰੋਹਿਤ ਗੋਇਲ )-ਸ਼ੁੱਕਰਵਾਰ ਸ਼ਾਮ ਐਕਸਿਸ ਬੈਂਕ ਦੇ ਏ.ਟੀ.ਐਮ ਦੇ ਬਾਹਰ ਪੱਥਰ ’ਤੇ ਰੱਖਿਆ ਡੇਢ ਲੱਖ ਰੁਪਏ ਦਾ ਬੈਗ ਗਾਇਬ ਹੋਣ ਦੇ ਮਾਮਲੇ ਨੇ ਹਲਚਲ ਮਚਾ ਦਿੱਤੀ ਸੀ। ਜਿਸ ’ਤੇ ਪੁਲਸ ਨੇ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਡੇਢ ਲੱਖ ਰੁਪਏ ਵਾਲਾ ਬੈਗ ਬਰਾਮਦ ਕਰਕੇ ਉਸ ਦੇ ਅਸਲੀ ਮਾਲਕ ਨੂੰ ਸੌਂਪ ਦਿਤਾ। ਜਿਸ ਨੂੰ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਨੇ ਮਾਲਕ ਦੇ ਹਵਾਲੇ ਕਰ ਦਿੱਤਾ। ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤਲਵੰਡੀ ਭਾਈਕੇ ਦਾ ਰਹਿਣ ਵਾਲਾ ਵਿਕਾਸ ਢੀਂਗਰਾ ਨਾਮ ਦਾ ਵਿਅਕਤੀ ਜੋ ਕਿ ਜਗਰਾਉਂ ਦੇ ਸ਼ਾਸਤਰੀ ਨਗਰ ਵਿੱਚ ਰਹਿਣ ਵਾਲੇ ਆਪਣੇ ਦੋਸਤ ਵਿਵੇਕ ਸ਼ਰਮਾ ਨੂੰ ਮਿਲਣ ਆਇਆ ਸੀ ਅਤੇ ਵਾਪਸ ਜਾ ਰਿਹਾ ਸੀ। ਉਹ ਤਹਿਸੀਲ ਰੋਡ ’ਤੇ ਐਕਸਿਸ ਬੈਂਕ ਦੇ ਏ.ਟੀ.ਐਮ ਰਾਹੀਂ ਪੈਸੇ ਜਮ੍ਹਾਂ ਕਰਵਾਉਣ ਲਈ ਰੁਰਿਆ। ਜਦੋਂ ਉਹ . ਏਟੀਐਮ ਵਿੱਚ ਪੈਸੇ ਜਮ੍ਹਾ ਲਈ ਗਿਆ ਤਾਂ ਉਸਨੇ ਆਪਣੇ ਦੋਸਤ ਵਿਵੇਕ ਸ਼ਰਮਾ ਨੂੰ ਪੈਸਿਆਂ ਨਾਲ ਭਰਿਆ ਬੈਗ ਫੜ ਦਿਤਾ ਅਤੇ ਉਹ ਖੁਦ ਏਟੀਐਮ ਵਿੱਚ ਪੈਸੇ ਜਮ੍ਹਾਂ ਕਰਵਾਉਣ ਚਲਾ ਗਿਆ। ਉਸੇ ਸਮੇਂ ਉਸ ਦੇ ਦੋਸਤ ਵਿਵੇਕ ਸ਼ਰਮਾ ਨੂੰ ਕਿਸੇ ਦਾ ਫੋਨ ਆਇਆ ਅਤੇ ਫੋਨ ’ਤੇ ਗੱਲ ਕਰਦੇ ਹੋਏ ਆਪਣੇ ਹੱਥ ’ਚ ਫੜਿਆ ਪੈਸਿਆਂ ਨਾਲ ਭਰਿਆ ਬੈਗ ਪੱਥਰ ’ਤੇ ਰੱਖ ਕੇ ਭੁੱਲ ਗਿਆ ਅਤੇ ਦੋਵੇਂ ਉਥੋਂ ਚਲੇ ਗਏ। ਜਿਵੇਂ ਹੀ ਉਨ੍ਹਾਂ ਨੂੰ ਪੈਸਿਆਂ ਨਾਲ ਭਰੇ ਬੈਗ ਬਾਰੇ ਯਾਦ ਆਇਆ ਤਾਂ ਵਾਪਸ ਆ ਕੇ ਦੇਖਿਆ ਕਿ ਉਥੋਂ ਪੈਸਿਆਂ ਨਾਲ ਭਰਿਆ ਬੈਗ ਗਾਇਬ ਸੀ। ਚੌਕੀ ਇੰਚਾਰਜ ਨੇ ਦੱਸਿਆ ਕਿ ਜਦੋਂ ਪੁਲੀਸ ਨੇ ਬੈਂਕ ਦੇ ਬਾਹਰ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਸਾਹਮਣੇ ਆਇਆ ਕਿ ਇੱਕ ਡਰਾਈਵਰ ਵਿਕਾਸ ਢੀਂਗਰਾ ਦਾ ਪੱਥਰ ’ਤੇ ਪਿਆ ਬੈਗ ਚੁੱਕ ਕੇ ਲਿਜਾਂਦਾ ਨਜਰ ਆਇਆ। ਸੀ.ਸੀ.ਟੀ.ਵੀ ਕੈਮਰੇ ’ਚ ਨਜ਼ਰ ਆਏ ਵਾਹਨ ਦੇ ਨੰਬਰ ਦੇ ਆਧਾਰ ’ਤੇ ਉਕਤ ਵਿਅਕਤੀ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜਦੋਂ ਪੁਲਸ ਨੇ ਤੁਰੰਤ ਡਰਾਈਵਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਲਾਵਾਰਿਸ ਮਿਲੇ ਬੈਗ ਬਾਰੇ ਕਾਫੀ ਪੁੱਛਗਿੱਛ ਕੀਤੀ ਸੀ ਪਰ ਜਦੋਂ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਮਿਲੀ ਤਾਂ ਉਸ ਨੇ ਇਹ ਸੋਚ ਕੇ ਇਹ ਬੈਗ ਆਪਣੇ ਕੋਲ ਸੁਰੱਖਿਅਤ ਰੱਖਿਆ ਕਿ ਜਦੋਂ ਉਸ ਨੂੰ ਇਸ ਬੈਂਕ ਤੋਂ ਇਸਦੇ ਮਾਲਕ ਦਾ ਪਤਾ ਲੱਗਾ ਤਾਂ ਉਹ ਵਾਪਸ ਕਰ ਦੇਵੇਗਾ। ਪੁਲਿਸ ਨੇ ਵਿਕਾਸ ਢੀਂਗਰਾ ਦਾ ਪੈਸਿਆਂ ਨਾਲ ਭਰਿਆ ਬੈਗ ਡਰਾਈਵਰ ਤੋਂ ਵਾਪਸ ਲੈ ਕੇ ਅੱਜ ਪੁਲਿਸ ਵੱਲੋਂ ਵਿਕਾਸ ਢੀਂਗਰਾ ਨੂੰ ਸੌਂਪ ਦਿੱਤਾ ਗਿਆ।
