-ਅਪ੍ਰੈਲ-2023 ਬੈਚ ਦੇ ਦਾਖਲੇ ਲਈ ਪ੍ਰੀਖਿਆ 15 ਜਨਵਰੀ ਨੂੰ-ਡਿਪਟੀ ਕਮਿਸ਼ਨਰ
-ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਰਿਹੈ ਮੁਫ਼ਤ ਕੋਚਿੰਗ
ਮੋਗਾ, 29 ਨਵੰਬਰ: ( ਕੁਲਵਿੰਦਰ ਸਿੰਘ) –
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਮੋਹਾਲੀ ਵਿਖੇ ਚਲਾਈ ਜਾ ਰਹੀ ਹੈ। ਇਸ ਸੰਸਥਾ ਦੁਆਰਾ ਵਿਦਿਆਰਥੀਆਂ ਨੂੰ ਐਨ.ਡੀ.ਏ./ਡਿਫੈਂਸ ਸਰਵਿਸ਼ਜ ਦੇ ਦਾਖਲੇ ਲਈ ਲਿਖਤੀ ਅਤੇ ਸਰੀਰਿਕ ਟੈਸਟ ਦੀ ਤਿਆਰੀ ਕਰਵਾਉਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਗੇ ਸਿੱਖਿਆ ਪੱਧਰ ਦੇ ਸਕੂਲਾਂ ਵਿੱਚੋਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦੇ ਅਪ੍ਰੈਲ 2023 ਬੈਚ ਦੇ ਦਾਖਲੇ ਲਈ ਮਿਤੀ 15 ਜਨਵਰੀ, 2023 ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਮਿਤੀ 01 ਦਸੰਬਰ 2022 ਤੋਂ 05 ਜਨਵਰੀ 2023 ਤੱਕ http://recruitment-portal.in ਲਿੰਕ ਉੱਪਰੋਂ ਆਨਲਾਈਨ ਕੀਤੀ ਜਾ ਸਕਦੀ ਹੈ। ਇਸ ਪ੍ਰੀਖਿਆ ਵਿੱਚ 10ਵੀਂ ਜਮਾਤ ਵਿੱਚ ਪੜ੍ਹ ਰਹੇ ਉਹ ਲੜਕੇ ਹੀ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਜਨਮ ਮਿਤੀ 02 ਜੁਲਾਈ 2006 ਤੋਂ ਪਹਿਲਾਂ ਦੀ ਨਾ ਹੋਵੇ ਅਤੇ ਉਹ ਪੰਜਾਬ ਦਾ ਵਸਨੀਕ ਹੋਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਉੱਚ ਪੱਧਰੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਹੈ, ਜੋ ਕਿ ਐਨ.ਡੀ.ਏ./ਡਿਫੈਂਸ ਸਰਵਿਸ਼ਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਸੁਪਨੇ ਸਾਕਾਰ ਕਰਦੀ ਹੈ। ਜੋ ਪ੍ਰਾਰਥੀ ਚੰਗੇ ਪੱਧਰ ਦੀ ਨੌਕਰੀ ਹਾਸਿਲ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਸੰਸਥਾ ਦੇ ਦਾਖਲੇ ਲਈ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਇਸ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਮੋਗਾ ਦੇ ਸਹਿਯੋਗ ਨਾਲ ਮੁਫ਼ਤ ਕੋਚਿੰਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਜ਼ਿਲ੍ਹਾ ਮੋਗਾ ਦੇ ਮਿਹਨਤੀ ਅਤੇ ਕਾਬਿਲ ਵਿਦਿਆਰਥੀਆਂ ਨੂੰ ਇਸ ਸੰਸਥਾਂ ਦੇ ਦਾਖਲੇ ਦੇ ਯੋਗ ਬਣਾਇਆ ਜਾ ਸਕੇ। ਜੋ ਹੋਰ ਵਿਦਿਆਰਥੀ ਇਹ ਮੁਫ਼ਤ ਕੋਚਿੰਗ ਕਲਾਸਾਂ ਲੈਣਾ ਚਾਹੁੰਦੇ ਹਨ, ਉਹ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਦੇ ਹੈਲਪਲਾਈਨ ਨੰਬਰ 62392-66860 ‘ਤੇ ਸੰਪਰਕ ਕਰ ਸਕਦੇ ਹਨ।