ਮੋਗਾ , 29 ਨਵੰਬਰ ( ਕੁਲਵਿੰਦਰ ਸਿੰਘ) – ਭਾਰਤ ਸਰਕਾਰ ਦੇ ਨੈਸ਼ਨਲ ਟਰੱਸਟ ਦੀ ਨਿਰਮਾਇਆ ਸਿਹਤ ਬੀਮਾ ਯੋਜਨਾ ਸਕੀਮ ਰਾਹੀਂ ਬੌਧਿਕ ਦਿਵਿਆਂਗਤਾ (ਐਮ.ਆਰ), ਓਟੀਸਟਿਕ ਦਿਵਿਆਂਗਜਨ, ਸੈਰੀਬਲ ਪਾਲਿਸੀ, ਮਲਟੀਪਲ ਡਿਸੇਬਿਲਟੀ ਦਿਵਿਆਂਗਤਾਵਾਂ ਨਾਲ ਸਬੰਧ ਰੱਖਣ ਵਾਲੇ ਦਿਵਿਆਂਗਜਨਾਂ ਨੂੰ 01 ਲੱਖ ਰੁਪਏ ਤੱਕ ਦੀ ਹੈਲਥ ਇੰਨਸ਼ੋਰੈਂਸ ਦਿੱਤੀ ਜਾਂਦੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਬੀਮਾ ਯੋਜਨਾ ਤਹਿਤ ਹਸਪਤਾਲ ਵਿੱਚ ਸਰਜਰੀ ਲਈ ਭਰਤੀ ਹੋਣ ਵਾਲੇ ਦਿਵਿਆਂਗਜਨ ਨੂੰ 40 ਹਜ਼ਾਰ ਰੁਪਏ ਅਤੇ ਸਰਜਰੀ ਤੋਂ ਬਿਨ੍ਹਾਂ ਹੋਰ ਇਲਾਜ ਲਈ 15 ਹਜ਼ਾਰ ਰੁਪਏ ਤੱਕ ਦੀ ਸਹੂਲਤ ਦਿੱਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਰੈਗੂਲਰ ਮੈਡੀਕਲ ਚੈਕਅੱਪ ਦਵਾਈਆਂ ਅਤੇ ਮੈਡੀਕਲ ਟੈਸਟਾਂ ਲਈ ਅਤੇ 04 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦੰਦਾਂ ਦੇ ਇਲਾਜ ਲਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 20 ਹਜ਼ਾਰ ਰੁਪਏ ਦੀ ਰਾਸ਼ੀ ਵੱਖ-ਵੱਖ ਦਿਵਿਆਂਗਤਾਂ ਨੂੰ ਠੀਕ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੋਗਾ ਦੇ ਦਿਵਿਆਂਗਜਨ, ਜੋ ਕਿ ਬੌਧਿਕ ਦਿਵਿਆਂਗਤਾ (ਐਮ.ਆਰ), ਓਟੀਸਟਿਕ ਦਿਵਿਆਂਗਜਨ, ਸੈਰੀਬਲ ਪਾਲਿਸੀ, ਮਲਟੀਪਲ ਡਿਸੇਬਿਲਟੀ ਨਾਲ ਸਬੰਧਤ ਹਨ, ਨੂੰ ਇਸ ਸਕੀਮ ਤਹਿਤ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਦਿਵਿਆਂਗਜਨ ਜਿਲ੍ਹੇ ਦਾ ਵਸਨੀਕ ਹੈ ਇਸ ਸਕੀਮ ਤਹਿਤ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਸਿੱਧੇ ਤੌਰ ਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਨਾਲ ਸੰਪਰਕ ਕਰਕੇ ਸਕੀਮ ਦਾ ਲਾਭ ਲੈ ਸਕਦੇ ਹਨ।
