Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਬਚਾਓ ਯਾਤਰਾ

ਨਾਂ ਮੈਂ ਕੋਈ ਝੂਠ ਬੋਲਿਆ..?
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਬਚਾਓ ਯਾਤਰਾ

52
0


ਸੋਮਣੀ ਅਕਾਲੀ ਦਲ ਬਾਦਲ ਵੱਲੋਂ 1 ਫਰਵਰੀ ਤੋਂ ਪੰਜਾਬ ਵਿੱਚ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਲੱਭਣ ਲਈ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਕਿ ਅਟਾਰੀ ਸਥਿਤ ਭਾਰਤ-ਪਾਕਿ ਸਰਹੱਦ ਤੋਂ ਸ਼ੁਰੂ ਹੋਵੇਗੀ ਅਤੇ ਇੱਕ ਮਹੀਨੇ ਦੌਰਾਨ ਪੰਜਾਬ ਦੇ ਵੱਖ ਵੱਖ 43 ਵਿਧਾਨ ਸਭਾ ਹਲਕਿਆਂ ਵਿਚੋਂ ਲੰਘੇਗੀ। ਜਿਸਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਕਰਨਗੇ। ਇਸ ਸਬੰਧੀ ਅਕਾਲੀ ਦਲ ਦਾ ਤਰਕ ਹੈ ਕਿ ਇਸ ਯਾਤਰਾ ਦੌਰਾਨ ਉਹ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਗਤੀਵਿਧੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੇ ਸ਼ਾਸਨ ਦੌਰਾਨ ਕੀਤੇ ਲੋਕ ਹਿਤੈਸ਼ੀ ਕੰਮਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਵਿਡੰਬਨਾ ਇਹ ਹੈ ਕਿ ਪੰਜਾਬ ’ਤੇ ਲੰਮੇ ਸਮੇਂ ਤੱਕ ਰਾਜ ਕਰਨ ਵਾਲੀ ਖੇਤਰੀ ਪਾਰਟੀ ਪੰਜਾਬ ’ਚ ਇਸ ਹੱਦ ਤੱਕ ਆਪਣਾ ਸਿਆਸੀ ਆਧਾਰ ਗੁਆ ਚੁੱਕੀ ਹੈ ਕਿ ਹੁਣ ਆਪਣਾ ਸਿਆਸੀ ਆਧਾਰ ਬਚਾਉਣ ਲਈ ਉਸਨੂੰ ਆਪਣੀ ਪਿਛਲੇ ਸਮੇਂ ਰਹੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਵੀ ਅਜਿਹੀ ਯਾਤਰਾ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ। ਪਰ ਜਿਸ ਹਾਲਾਤ ਵਿਚ ਸ਼੍ਰੋਮਣੀ ਅਕਾਲੀ ਦਲ ਅਰਸ਼ ਦੀਆਂ ਉੱਚਾਈਆਂ ਤੋਂ ਫਰਸ਼ ’ਤੇ ਮੂੱਧੇ ਮੂੰਹ ਡਿੱਗ ਗਿਆ ਹੈ, ਉਸਤੋਂ ਫਿਰ ਦੁਬਾਰਾ ਆਸਮਾਨ ਦੀ ਉਂਚਾਈ ਤੱਕ ਪਹੁੰਚਣਾ ਅਸੰਭਵ ਲੱਗ ਰਿਹਾ ਹੈ। ਵੱਡਾ ਸਵਾਲ ਇਹ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਹੈ ਉਸਨੂੰ ਪਤਾ ਨਹੀਂ ਕਿ ਪੰਜਾਬ ਨੂੰ ਡੁਬਾਊਣ ਵਾਲਾ ਵੀ ਕੌਣ ਹੈ ? ਪੰਜਾਬ ਨੂੰ ਇਸ ਹਾਲਤ ਵਿੱਚ ਕਿਸਨੇ ਲਿਆਂਦਾ? ਇਹ ਵੀ ਇੱਕ ਵੱਡਾ ਸਵਾਲ ਹੈ। ਜੇਕਰ ਪਾਰਟੀ ਦੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤੋਂ ਹੀ ਆਪਣਾ ਮੁਲਾਂਕਣ ਕਰੇ ਤਾਂ ਇਸ ਦਾ ਜਵਾਬ ਮਿਲ ਸਕਦਾ ਹੈ ਕਿਉਂਕਿ ਪੰਜਾਬ ਦੀ ਬਰਬਾਦੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਵੱਡਾ ਯੋਗਦਾਨ ਹੈ। ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਜਾਂ ਪੰਜਾਬ ਦੇ ਮੁੱਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਭ ਕੁਝ ਯਾਦ ਆਉਂਦਾ ਹੈ। ਪੰਜਾਬ ਦੇ ਭਖਦੇ ਮੁੱਦੇ ਅਤੇ ਪੰਥ ਦੀ ਦੁਹਾਈ ਦਿਤੀ ਜਾਂਦੀ ਹੈ। ਪੰਥ ਨੂੰ ਖਤਰੇ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਹੁਣ ਅਤੇ ਪਹਿਲੇ ਸਮੇਂ ਵਿਚ ਜ਼ਮੀਨ ਆਸਮਾਨ ਦਾ ਅੰਤਰ ਹੈ। ਹੁਣ ਲੋਕ ਜਲਦੀ ਉਨ੍ਹਾਂ ਦੇ ਪੰਥ ਖਤਰੇ ਦੀ ਦੁਹਾਈ ਵੱਲ ਧਿਆਨ ਨਹੀਂ ਦੇਣਗੇ। ਅਨੰਦਪੁਰ ਮਤਾ ਨੇ ਜਿਸ ਨੇ ਪੰਜਾਬ ਦੀ ਤਬਾਹੀ ਦੀ ਸ਼ੁਰੂ ਕੀਤੀ ਸੀ, ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਜਾਏ ਉਸ ਨੂੰ ਠੰਡੇ ਬਸਤੀ ਵਿੱਚ ਪਾ ਦਿੱਤਾ, 1984 ਵਿੱਚ ਜਦੋਂ ਸਿੱਖ ਕਤਲੇਆਮ ਹੋਇਆ ਤਾਂ ਹਮੇਸ਼ਾ ਇਸ ਦਾ ਸਿਆਸੀ ਲਾਹਾ ਲਿਆ, ਅੱਤਵਾਦ ਦੇ ਦੌਰ ’ਚ ਕੋਈ ਵੀ ਅਕਾਲੀ ਆਗੂ ਅਜਿਹਾ ਨਹੀਂ ਹੈ ਕਿ ਉਸ ਦੇ ਪਰਿਵਾਰ ਦਾ ਇਕ ਵੀ ਮੈਂਬਰ ਉਸ ਦਾ ਸ਼ਿਕਾਰ ਹੋਇਆ ਹੋਵੇ, ਜਦਕਿ ਪੰਜਾਬ ਦੇ ਹਜ਼ਾਰਾਂ ਨੌਜਵਾਨ ਉਸ ਕਾਲੇ ਦੌਰ ਦਾ ਸ਼ਿਕਾਰ ਹੋਏ ਅਤੇ ਪੁਲਿਸ ਵਲੋਂ ਝੂਠੇ ਮੁਕਾਬਲਿਆਂ ਵਿਚ ਮਾਰ ਦਿਤੇ ਗਏ। ਪਰ ਅਕਾਲੀਆਂ ਦੇ ਜ਼ਿਆਦਾਤਰ ਬੱਚੇ ਵਿਦੇਸ਼ ਵਿੱਚ ਰਹੇ ਹਨ। ਜਦੋਂ ਮਾਹੌਲ ਸ਼ਾਂਤ ਹੋਇਆ ਤਾਂ ਹੌਲੀ-ਹੌਲੀ ਸਾਰੇ ਆਉਣ ਲੱਗੇ ਅਤੇ ਪੰਜਾਬ ਦੀ ਵਾਗਡੋਰ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ। ਉਨਾਂ ਵਿਚ ਸੁਖਬੀਰ ਬਾਦਲ, ਮਨਪ੍ਰੀਤ ਸਿੰਘ ਬਾਦਲ, ਬਿਕਰਮ ਮਜੀਠੀਆ, ਹਰਸਿਮਰਤ ਕੌਰ ਬਾਦਲ ਅਤੇ ਇਨ੍ਹਾਂ ਦੇ ਹੋਰ ਪਰਿਵਾਰਾਂ ਦੇ ਬੱਚੇ ਬਿਨ੍ਹਾਂ ਕਿਸੇ ਮਿਹਨਤ ਦੇ ਪੰਜਾਬ ਦੀ ਰਾਜਨੀਤੀ ਵਿੱਚ ਸਿਖਰ ’ਤੇ ਪਹੁੰਚਾ ਦਿਤੇ ਗਏ। ਉਨ੍ਹਾਂ ਦਾ ਕੋਈ ਯੋਗਦਾਨ ਨਾ ਹੋਣ ਦੇ ਬਾਵਜੂਦ ਪੰਜਾਬ ਦੇ ਸਿਰ ਤੇ ਬਿਠਾਇਾ ਗਿਆ। ਪੰਜਾਬ ਨੂੰ ਤਬਾਹੀ ਦੇ ਰਾਹ ’ਤੇ ਲਿਜਾਣ ਵਾਲੀਆਂ ਮੁਫਤ ਸਕੀਮਾਂ ਵੀ ਅਕਾਲੀ ਦਲ ਦੇ ਸਾਸ਼ਨ ਵਿਚ ਹੀ ਸ਼ੁਰੂ ਕੀਤੀਆਂ ਗਈਆਂ। ਜਿੰਨ੍ਹਾਂ ਨੂੰ ਇਹ ਆਪਣੀ ਵੱਡੀ ਪ੍ਰਾਪਤੀ ਦਰਸਾ ਰਹੇ ਹਨ। ਜਿਸ ਨਾਲ ਬੇਸ਼ੱਕ ਉਨ੍ਹਾਂ ਦਾ ਵੋਟ ਬੈਂਕ ਵਧਿਆ ਪਰ ਪੰਜਾਬ ਦੇ ਮਜ਼ਦੂਰ ਵਰਗ, ਗਰੀਬ ਪਰਿਵਾਰਾਂ ਦੇ ਬੱਚੇ ਜੋ ਪੰਜਾਬ ਵਿਚ ਮਿਹਨਤ, ਖੇਤੀ, ਮਜ਼ਦੂਰੀ, ਰੇਹੜੀਆਂ, ਸਬਜੀ, ਫਲ, ਰਿਕਸ਼ਾ, ਆਟੋ ਸਮੇਤ ਹੋਰ ਖੁਦ ਮੁਖਤਿਆਰ ਧੰਦੇ ਕਰਕੇ ਆਪਣਏ ਪਰਿਵਾਰ ਪਾਲਦੇ ਸਨ ਉਹ ਸਰਕਾਰ ਦੀਆਂ ਮੁਫਤ ਆਟਾ ਦਾਲ ਵਰਗੀਆਂ ਸਕੀਮਾਂ ਕਾਰਨ ਕੰਮ ਧੰਦੇ ਛੱਡ ਕੇ ਵਿਹਲੇ ਹੱਥ ਤੇ ਹੱਥ ਧਰਕੇ ਘਰਾਂ ਵਿਚ ਬੈਠ ਗਏ ਅਤੇ ਨਸ਼ੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਥਾਂ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆਏ ਮਜ਼ਦੂਰਾਂ ਨੇ ਲੈ ਲਈ ਅਤੇ ਵਿਹਲੇ ਬੈਠੇ ਸਾਡੇ ਨੌਜਵਾਨ ਨਸ਼ਿਆਂ ਵੱਲ ਆਕਰਸ਼ਿਤ ਹੋ ਗਏ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੌਰਾਨ ਹੀ ਚਿੱਟਾ ਨਸ਼ਾ ਪੈਦਾ ਹੋਇਆ ਅਤੇ ਖੂਬ ਫਲ ਫੁੱਲ ਗਿਆ। ਜਿਸ ਨੇ ਪੰਜਾਬ ਦੀ ਜਵਾਨੀ ਨੂੰ ਅੱਤਵਾਦ ਦੇ ਕਾਲੇ ਦੌਰ ਨਾਲੋਂ ਵੱਧ ਨੁਕਸਾਨ ਪਹੁੰਚਾਇਆ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਰਾਜ ਵਿੱਚ ਬੇਰੁਜ਼ਗਾਰੀ ਦਾ ਡੰਕਾ ਵੱਜਣਾ ਸ਼ੁਰੂ ਹੋ ਗਿਆ ਅਤੇ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਗਏ। ਭ੍ਰਿਸ਼ਟਾਚਾਰ ਦਿਨ-ਬ-ਦਿਨ ਵੱਧਦਾ ਗਿਆ। ਤੁਹਾਡੇ ਸਾਸ਼ਨ ਦੌਰਾਨ ਹੀ ਪੰਜਾਬ ਵਿਚ ਸਿਆਸੀ ਬਦਲਾਖੋਰੀ ਤਹਿਤ ਅਤੇ ਲੀਡਰਾਂ ਨੇ ਆਪਣੇ ਚਮਚਿਆਂ ਨੂੰ ਖੁਸ਼ ਕਰਨ ਲਈ ਨਜਾਇਜ਼ ਮੁਕੱਦਮੇ ਸ਼ੁਰੂ ਹੋਏ। ਤੁਹਾਡੀ ਸਰਕਾਰ ਦੇ ਰਾਜ ਦੌਰਾਨ ਕਰਜ਼ੇ ਦਾ ਬੋਝ ਪੰਜਾਬ ਤੇ ਵਧਣਾ ਸ਼ੁਰੂ ਹੋਇਆ ਅਤੇ ਹੁਣ ਹਾਲਾਤ ਇਹ ਬਣ ਗਏ ਕਿ ਉਸ ਕਰਜੇ ਦਾ ਵਿਆਜ ਦੇਣ ਲਈ ਵੀ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ। ਇਹ ਸਭ ਕੁਝ ਪੰਜਾਬ ਨੂੰ ਤਬਾਹੀ ਦੇ ਕੰਢੇ ’ਤੇ ਲਿਜਾਣ ਲਈ ਜ਼ਿੰਮੇਵਾਰ ਹੈ। ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਨਸਾਫ ਲਈ ਸ਼ਾਂਤਮਈ ਰੋਸ ਪ੍ਰਗਟ ਕਰ ਰਹੀ ਸੰਗਤ ਤੇ ਗੋਲੀ ਚਲਾਉਣ ਦਾ ਕੰਮ ਵੀ ਤੁਹਾਡੀ ਸਰਕਾਰ ਵਿਚ ਹੀ ਸੰਭਵ ਹੋ ਸਕਿਆ। ਹੁਣ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਤੋਂ ਬਾਅਦ ਤੁਹਾਡੀ ਪੰਜਾਬ ਵਿਚ 15 ਸਾਲ ਤੱਕ ਸਰਕਾਰ ਦਾ ਸਾਸ਼ਨ ਹੋਣ ਦੇ ਬਾਵਜੂਦ ਵੀ ਤੁਸੀਂ ਉਸ ਰਿਪੋਰਟ ਨੂੰ ਦਬਾ ਕੇ ਰੱਖਿਆ। ਇਸ ਗੱਲ ਦਾ ਖੁਲਾਸਾ ਹੋਣ ਤੇ ਵੀ ਤੁਹਾਡਾ ਦੋਹਰਾ ਕਿਰਦਾਰ ਸਭ ਦੇ ਸਾਹਮਣੇ ਆਇਆ। ਜਿਸ ਲਈ ਹੁਣ ਤੁਸੀਂ ਬਚਾਅ ਵਾਲੀ ਰਣਨੀਤੀ ਅਪਣਾ ਰਹੇ ਹੋ। ਡੇਰਾ ਮੁਖੀ ਰਾਮ ਰਹੀਮ ਨੂੰ ਬਿਨ੍ਹਾਂ ਮੰਗੇ ਮਾਫੀ ਦਵਾਉਣ ਦਾ ਸਿਹਰਾ ਵੀ ਤੁਹਾਨੂੰ ਹੀ ਜਾਂਦਾ ਹੈ। ਇਸੇ ਕਰਕੇ ਅੱਜ ਸੋਮਣੀ ਅਕਾਲੀ ਦਲ ਜੋ ਕਦੇ ਪੰਜਾਬ ਲਦੀ ਸਭ ਤੋਂ ਪੁਰਾਣੀ ਅਤੇ ਵੱਡੀ ਖੇਤਰੀ ਪਾਰਟੀ ਸੀ ਉਹ ਮਿੱਟੀ ਦੀ ਧੂਲ ਵਿਚ ਰੁਲ ਗਿਆ ਹੈ। ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਵੀ ਲੋਕਾਂ ਦੀ ਕਚਿਹਰੀ ਵਿਚ ਆਪਣੀਆਂ ਪ੍ਰਾਪਤੀਆਂ ਦੱਸਣ ਦੇ ਨਾਲ ਨਾਲ ਦੇਣਗੇ? ਜਿਸ ਪੰਜਾਬ ਨੂੰ ਤੁਸੀ ਹੀ ਬਰਬਾਦ ਕੀਤਾ ਹੋਵੇ ਉਸ ਪੰਜਾਬ ਨੂੰ ਖੁਦ ਹੀ ਬਚਾਉਣ ਲਈ ਪੰਜਾਬ ਬਚਾਓ ਯਾਤਰਾ ਦਾ ਖਿਆਲ ਆਉਣਾ ਵੀ ਤੁਹਾਡੀ ਬਹਾਦਰੀ ਦਾ ਕਾਰਨਾਮਾ ਹੈ। ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਪੰਜਾਬ ਵਿਚ ਲੋਕਾਂ ਨੂੰ ਆਪਣੀਆਂ ਹੋਰ ਕਿਹੜੀਆਂ ਪ੍ਰਾਪਤੀਆਂ ਦੱਸੋਗੇ ਅਤੇ ਜੋ ਕੀਤਾ ਉਸਦਾ ਕੀ ਜਵਾਬ ਦੇਵੋਗੇ ਇਸ ਤੇ ਸਮੁੱਚੇ ਪੰਜਾਬ ਦੀ ਨਜ਼ਰ ਰਹੇਗੀ ਅਤੇ ਤੁਹਾਡੀ ਇਸ ਪੰਜਾਬ ਬਚਾਓ ਯਾਤਰਾ ਦਾ ਸਭ ਨੂੰ ਬੇਸਬਰੀ ਨਾਲ ਇੰਤਜਾਰ ਰਹੇਗਾ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here